ਨਸ਼ਾ ਤਸਕਰ ਨੂੰ ਕਾਬੂ ਕਰਨ ਮੌਕੇ ਪੁਲੀਸ ਨਾਲ ਹੱਥੋਪਾਈ
ਇਥੋਂ ਦੀ ਪੁਲੀਸ ਨੇ ਵੱਡੀ ਗਿਣਤੀ ਵਿੱਚ ਨਸ਼ੇ ਅਤੇ ਡਰੱਗ ਮਨੀ ਨਾਲ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਦੇਵ ਸਿੰਘ ਉਰਫ਼ ਜੱਸਾ ਵਾਸੀ ਮਾਛੀਵਾੜਾ ਵਜੋਂ ਹੋਈ ਹੈ। ਅੱਜ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਜਸਦੇਵ ਸਿੰਘ ਜੱਸਾ ਕੂੰਮਕਲਾਂ ਥਾਣਾ ਅਧੀਨ ਪੈਂਦੇ ਪਿੰਡ ਚੌਂਤਾ ਤੋਂ ਨਸ਼ਾ ਲਿਆ ਕੇ ਮਾਛੀਵਾੜਾ ਇਲਾਕੇ ਵਿਚ ਸਪਲਾਈ ਕਰਦਾ ਹੈ।
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜਗਤਾਰ ਸਿੰਘ ਵੱਲੋਂ ਪੁਲੀਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਚੌਰਸਤਾ ਰਤੀਪੁਰ ਰੋਡ ਮਾਛੀਵਾੜਾ ਸਾਹਿਬ ਵਿੱਚ ਜਸਦੇਵ ਸਿੰਘ ਨੂੰ ਕਾਬੂ ਕਰ ਲਿਆ ਗਿਆ। ਜਦੋਂ ਪੁਲੀਸ ਪਾਰਟੀ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲੀਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਕੀਤੀ। ਮੁਲਜ਼ਮ ਨੂੰ ਕਾਬੂ ਕਰਨ ਮਗਰੋਂ ਜਦੋਂ ਪੁਲੀਸ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ 21 ਗ੍ਰਾਮ ਹੈਰੋਇਨ ਤੇ 4100 ਰੁਪਏ ਡਰੱਗ ਮਨੀ ਬਰਾਮਦ ਹੋਈ। ਡੀਐੱਸਪੀ ਨੇ ਦੱਸਿਆ ਕਿ ਜਿੱਥੋਂ ਇਹ ਨਸ਼ਾ ਲੈ ਕੇ ਆ ਰਿਹਾ ਸੀ ਪੁੱਛਗਿੱਛ ਦੌਰਾਨ ਉਨ੍ਹਾਂ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਨੂੰ ਇਹ ਨਸ਼ਾ ਸਪਲਾਈ ਕਰਦਾ ਸੀ ਉਨ੍ਹਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਮਾਛੀਵਾੜਾ ਪੁਲੀਸ ਵੱਲੋਂ ਜਸਦੇਵ ਸਿੰਘ ਖਿਲਾਫ਼ ਨਸ਼ਾ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਨਸ਼ਾ ਤਸਕਰ ’ਤੇ ਪਹਿਲਾਂ ਵੀ ਦਰਜ ਹਨ 8 ਅਪਰਾਧਕ ਮਾਮਲੇ
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਮਾਮਲੇ ਵਿਚ ਸਰਗਰਮ ਜਸਦੇਵ ਸਿੰਘ ਉੱਪਰ ਪਹਿਲਾਂ ਵੀ 8 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ’ਤੇ ਪਹਿਲਾ ਮਾਮਲਾ 2015 ਵਿੱਚ 12 ਕਿੱਲੋ ਭੁੱਕੀ ਦਾ ਦਰਜ ਹੋਇਆ, 2017 ਵਿੱਚ 250 ਗ੍ਰਾਮ ਅਫ਼ੀਮ ਤੇ 8 ਕਿਲੋ ਭੁੱਕੀ, 2017 ਵਿੱਚ 315 ਬੋਰ ਤੇ 2 ਕਾਰਤੂਸ ਬਰਾਮਦ ਹੋਏ, 2021 ਵਿੱਚ 2 ਅਪਰਾਧਿਕ ਮਾਮਲੇ ਦਰਜ ਹੋਏ, 2022 ਵਿੱਚ 4 ਕੁਇੰਟਲ ਭੁੱਕੀ ਬਰਾਮਦ ਹੋਈ, 2023 ਵਿੱਚ ਲੁਧਿਆਣਾ ਡਿਵੀਜ਼ਨ ਨੰਬਰ 7 ਵਿੱਚ ਅਪਰਾਧਕ ਮਾਮਲਾ ਦਰਜ ਹੋਇਆ, 2025 ਵਿੱਚ ਨਸ਼ੇ ਦਾ ਮਾਮਲਾ ਦਰਜ ਹੋਇਆ ਅਤੇ ਹੁਣ ਇਸ ’ਤੇ 2 ਨਵੇਂ ਮਾਮਲੇ ਦਰਜ ਕੀਤੇ ਗਏ ਹਨ।