ਪੰਜਾਬੀ ਸਾਹਿਤ ਸਭਾ ਦੀ ਇੱਕਤਰਤਾ ’ਚ ਰਚਨਾਵਾਂ ਦਾ ਦੌਰ
ਖੰਨਾ, 15 ਫ਼ਰਵਰੀ
ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇੱਕਤਰਤਾ ਅੱਜ ਇਥੋਂ ਦੇ ਏਐੱਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਜੀਤ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਗਜ਼ਲਗੋ ਸ਼ਮੀਮ ਪਾਇਲਵੀਂ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਗੁਰਦੀਪ ਮਹੌਣ ਨੇ ਕਵਿਤਾ, ਸੁਖਵਿੰਦਰ ਸਿੰਘ ਬਿੱਟੂ, ਮਨਜੀਤ ਕੌਰ ਜੀਤ, ਨਰਿੰਦਰ ਮਣਕੂ, ਗੁਰੀ ਤੁਰਮਰੀ ਤੇ ਮਨਜੀਤ ਸਿੰਘ ਨੇ ਗੀਤ ਸੁਣਾਏ।
ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿੱਚ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ। ਇਸ ਮੌਕੇ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਧੰਜਲ ਵੱਲੋਂ ਦਿੱਤੇ ਅਸਤੀਫ਼ੇ ਕਾਰਨ ਪੰਜਾਬੀ ਸਾਹਿਤ ਸਭਾ ਵੱਲੋਂ ਸਰਬਸੰਮਤੀ ਨਾਲ ਨਰਿੰਦਰ ਮਣਕੂ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ। ਸਭਾ ਦੀ ਕਾਰਵਾਈ ਗੁਰੀ ਤੁਰਮਰੀ ਨੇ ਬਾਖੂਬੀ ਨਿਭਾਈ। ਨਵੇਂ ਚੁਣੇ ਪ੍ਰਧਾਨ ਮਣਕੂ ਨੇ ਸਭਾ ਦੇ ਮੈਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।