ਸਾਹਿਤ ਸਭਾ ਦੀ ਇਕੱਤਰਤਾ ’ਚ ਰਚਨਾਵਾਂ ਦਾ ਦੌਰ
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਹੋਈ। ਜਨਰਲ ਸਕੱਤਰ ਯਤਿੰਦਰ ਕੌਰ ਮਾਹਲ ਨੇ ਕਾਰਵਾਈ ਅਰੰਭ ਕਰਦੇ ਹੋਏ ਰਚਨਾਵਾਂ ਦੇ ਦੌਰ ਵਿੱਚ ਪਹਿਲਾ ਸੱਦਾ ਉੱਘੇ ਗ਼ਜ਼ਲਗੋਂ ਅਤੇ ਕਹਾਣੀਕਾਰ ਲਾਲੀ ਕਰਤਾਰਪੁਰੀ ਨੂੰ ਦਿੱਤਾ, ਜਿਨ੍ਹਾਂ ਨੇ ਗ਼ਜ਼ਲ ‘ਮੇਰੇ ਜੋ ਅਕਸ ਨੇ ਗੁੰਮੇ ਤੇਰੇ ’ਚੋਂ ਭਾਲ ਲੀਤੇ ਨੇ’ ਤਰੰਨਮ ਵਿੱਚ ਗਾ ਕੇ ਸਰੋਤਿਆਂ ਤੋਂ ਵਾਹ- ਵਾਹ ਖੱਟੀ। ਬਲਬੀਰ ਕੁਮਾਰ (ਨਵਾਂ ਸ਼ਹਿਰ) ਨੇ ਕਵਿਤਾ ‘ਮੈਂ ਪਰੇਸ਼ਾਨ ਹਾਂ ਦੁਖੀ ਨਹੀਂ ਹਾਂ, ਤੁਸੀਂ ਇਹ ਨਾ ਸਮਝੋ ਮੈਂ ਸੁਖੀ ਨਹੀਂ ਹਾਂ’ ਨਾਲ ਹਾਜ਼ਰੀ ਲਵਾਈ। ਮਾਸਟਰ ਅਮਰਜੀਤ ਸਿੰਘ ਘੁੰਡਾਲ ਨੇ ਕਵਿਤਾ ‘ਲੋਕ ਲਾਲਚ’ ਪੇਸ਼ ਕੀਤੀ। ਸੰਤੋਖ ਸਿੰਘ ਕੋਟਾਲਾ ਨੇ ਪਿੰਡ ਕੋਟਾਲਾ ਬਾਰੇ ਲੇਖ ‘ਸਾਂਝੀਵਾਲਤਾ ਦੀ ਕਹਾਣੀ’ ਪੜ੍ਹਿਆ। ਇਸ ’ਤੇ ਤੇ ਸਾਥੀਆਂ ਨੇ ਚਰਚਾ ਕਰਕੇ ਸੁਝਾਅ ਦਿੱਤੇ। ਕਹਾਣੀਆਂ ਦੇ ਦੌਰ ਵਿੱਚ ਲਾਲੀ ਕਰਤਾਰਪੁਰੀ ਨੇ ਕਹਾਣੀ ‘ਆਜ਼ਾਦ ਰੂਹ’ ਸੁਣਾਈ, ਜਿਸ ’ਤੇ ਚਰਚਾ ਕਰਦਿਆਂ ਗੁਰਦੀਪ ਮਹੌਣ, ਰਵਿੰਦਰ ਰੁਪਾਲ ਕੌਲਗੜ੍ਹ, ਜੁਆਲਾ ਸਿੰਘ, ਸੰਦੀਪ ਸਮਰਾਲਾ, ਦੀਪ ਦਿਲਬਰ ਅਤੇ ਚਿੰਤਕ ਗੁਰਭਗਤ ਸਿੰਘ ਨੇ ਚੰਗੇ ਸੁਝਾਅ ਦਿੱਤੇ। ਵਿਸ਼ੇਸ਼ ਤੌਰ ’ਤੇ ਪੁੱਜੇ ਕਹਾਣੀਕਾਰ ਜੋਗੇ ਭੰਗਲ ਨੇ ਕਹਾਣੀ ‘ਕੁਛ ਵੀ ਨਾਲ ਨਹੀਂ ਜਾਣਾ’ ਪੜ੍ਹੀ; ਇਹ ਪਰਵਾਸ ਅਤੇ ਰਿਸ਼ਤਿਆਂ ’ਤੇ ਆਧਾਰਿਤ ਸੀ, ਜਿਸ ਬਾਰੇ ਯਤਿੰਦਰ ਕੌਰ ਮਾਹਲ, ਅਮਨਦੀਪ ਸਮਰਾਲਾ, ਮਨਦੀਪ ਸਿੰਘ ਡਡਿਆਣਾ, ਸੰਤੋਖ ਸਿੰਘ, ਸਿਮਰਜੀਤ ਸਿੰਘ ਕੰਗ ਅਤੇ ਹੋਰ ਹਾਜ਼ਰ ਸਾਥੀਆਂ ਨੇ ਉਸਾਰੂ ਚਰਚਾ ਕੀਤੀ। ਇਸ ਮੌਕੇ ਜੋਗੇ ਭੰਗਲ ਵੱਲੋਂ ਆਪਣੀਆਂ ਤਿੰਨ ਪੁਸਤਕਾਂ ਸਭਾ ਨੂੰ ਭੇਟ ਕੀਤੀਆਂ ਗਈਆਂ। ਅਖੀਰ ਸਿਮਰਜੀਤ ਸਿੰਘ ਕੰਗ ਵੱਲੋਂ ਇਕੱਤਰਤਾ ’ਚ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਯਤਿੰਦਰ ਮਾਹਲ ਵੱਲੋਂ ਬਾਖੂਬੀ ਨਿਭਾਈ ਗਈ।
