ਮਹਾਸ਼ਿਵਰਾਤਰੀ ਮੌਕੇ ਸ਼ਹਿਰ ਵਿੱਚ ਕੱਢੀ ਸ਼ੋਭਾ ਯਾਤਰਾ
ਲੁਧਿਆਣਾ, 23 ਫਰਵਰੀ
ਸ਼ਿਵਰਾਤਰੀ ਦੇ ਸਬੰਧੀ ਵਿੱਚ ਹਰ ਹਰ ਮਹਾਂਦੇਵ ਸ਼ਿਵਰਾਤਰੀ ਮਹਾਂਉਤਸਵ ਕਮੇਟੀ ਵੱਲੋਂ ਅੱਜ ਸ੍ਰੀ ਦੁਰਗਾ ਮਾਤਾ ਮੰਦਿਰ, ਜਗਰਾਉਂ ਪੁਲ ਨੇੜਿਓਂ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੀ ਅਗਵਾਈ ਸੰਤ ਸਮਾਜ ਵੱਲੋਂ ਕੀਤੀ ਗਈ। ਪੰਡਿਤ ਸ਼ਿਵ ਸ਼ੰਕਰ ਮਿਸ਼ਰਾ, ਅਜੀਤ ਤਿਵਾੜੀ ਵੱਲੋਂ ਸ਼ਿਵ ਪਰਿਵਾਰ ਦੀ ਪੂਜਾ ਕੀਤੀ ਗਈ।
ਇਹ ਰੱਥ ਯਾਤਰਾ ਸ਼੍ਰੀ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਫੁਆਰਾ ਚੌਕ, ਘੁਮਾਰ ਮੰਡੀ ਚੌਕ, ਆਰਤੀ ਚੌਕ ਤੋਂ ਹੁੰਦੀ ਹੋਈ ਸ੍ਰੀ ਨਵਦੁਰਗਾ ਮੰਦਿਰ ਦੇ ਸਾਹਮਣੇ ਆਈ ਬਲਾਕ ਸਰਾਭਾ ਨਗਰ ਵਿੱਚ ਪਹੁੰਚ ਕੇ ਸਮਾਪਤ ਹੋਈ। ਇਸ ਯਾਤਰਾ ਵਿੱਚ ਵੱਖ ਵੱਖ ਕਲਾਕਾਰ ਦੇਵੀ-ਦੇਵਤਿਆਂ ਦੇ ਰੂਪ ਵਿੱਚ ਸਜ ਕੇ ਨ੍ਰਿਤ ਕਰਦੇ ਵੀ ਦੇਖੇ ਗਏ। ਆਦਮ ਕੱਦ ਦੇ ਸ਼ਿਵਲਿੰਗ ਵੀ ਇਸ ਯਾਤਰਾ ਵਿੱਚ ਖਿੱਚ ਦਾ ਕੇਂਦਰ ਰਹੇ।
ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਸ਼ਿਵ ਪਰਿਵਾਰ ਅਤੇ ਭਗਵਾਨ ਸ਼ਿਵ ਭਜਨ ਗਾਏ ਅਤੇ ਮਸਤੀ ਵਿੱਚ ਡਾਂਸ ਕੀਤਾ। ਇਸ ਸ਼ੋਭਾ ਯਾਤਰਾ ਦਾ ਆਰਤੀ ਚੌਂਕ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇੱਥੇ 250 ਜੋਤਾਂ ਨਾਲ ਆਰਤੀ ਕਰਨ ਤੋਂ ਬਾਅਦ 56 ਤਰ੍ਹਾਂ ਦੇ ਪਕਵਾਨਾਂ ਦਾ ਭੋਗ ਲਾਇਆ ਗਿਆ। ਇਸ ਯਾਤਰਾ ਦੇ ਸਵਾਗਤ ਲਈ ਪੂਰੇ ਰਸਤੇ ਵਿੱਚ ਧਾਰਮਿਕ ਜੱਥੇਬੰਦੀਆਂ, ਵਪਾਰਕ ਅਦਾਰਿਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਹੋਏ ਸਨ। ਇਸ ਮੌਕੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਸੰਗਲਾ ਵਾਲਾ ਸ਼ਿਵਾਲਾ ਤੋਂ ਮਹੰਤ ਨਰਾਇਣ ਪੁਰੀ, ਠਾਕੁਰਦੁਆਰ ਤੋਂ ਮਹੰਤ ਗੌਰਵ ਬਾਵਾ, ਸ਼੍ਰੀ ਰਾਮ ਸ਼ਰਨਮ ਸ਼੍ਰੀ ਰਾਮ ਪਾਰਕ ਤੋਂ ਅਸ਼ਵਨੀ ਬੇਦੀ ਸਮੇਤ ਹੋਰ ਕਈ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।