ਸਰਸ ਮੇਲੇ ਦਾ ਵੱਡੀ ਗਿਣਤੀ ਲੋਕਾਂ ਨੇ ਮਾਣਿਆ ਆਨੰਦ
ਸਨਅਤੀ ਸ਼ਹਿਰ ਦੀ ਧੁੰਨੀ ਵਿੱਚ ਪੈਂਦੇ ਪੀਏਯੂ ’ਚ ਚੱਲ ਰਹੇ ਸਰਸ ਮੇਲੇ ਨੂੰ ਦੇਖਣ ਲਈ ਨਾ ਸਿਰਫ ਲੁਧਿਆਣਾ ਸ਼ਹਿਰ ਸਗੋਂ ਆਸ-ਪਾਸ ਦੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਮੇਲੇ ਦੇ ਦੋ ਦਿਨ ਮੀਂਹ ਦੀ ਭੇਂਟ ਚੜ੍ਹ ਜਾਣ ਦੇ ਬਾਵਜੂਦ ਸਟਾਲਾਂ ਵਾਲਿਆਂ ਦੇ ਚਿਹਰਿਆਂ ’ਤੇ ਰੌਣਕ ਸਾਫ ਦੇਖੀ ਜਾ ਸਕਦੀ ਹੈ। ਮੇਲੇ ਵਿੱਚ ਰਾਜਸਥਾਨ ਦੇ ਕਲਾਕਾਰਾਂ ਵੱਲੋਂ ਜਿੱਥੇ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ ਉੱਥੇ ਇੰਨਾਂ ਵੱਲੋਂ ਰੱਖਿਆ ਬਾਇਓਸਕੋਪ ਵੀ ਸਾਰਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਕਰੀਬ ਤਿੰਨ-ਚਾਰ ਦਹਾਕੇ ਪਹਿਲਾਂ ਬਾਇਓਸਕੋਪ ਨੂੰ ਹੀ ਚਲਦਾ ਫਿਰਦਾ ਸਿਨਮਾ ਮੰਨਿਆ ਜਾਂਦਾ ਸੀ। ਬਕਸੇ ਨੁਮਾ ਇਸ ਢਾਂਚੇ ਦੇ ਆਲੇ-ਦੁਆਲੇ ਝਾਤੀ ਮਾਰਨ ਲਈ ਰਾਹ ਰੱਖੇ ਹੋਏ ਸਨ ਅਤੇ ਇਸ ਵਿੱਚ ਮਸ਼ਹੂਰ ਪੰਜਾਬੀ, ਹਿੰਦੀ ਫਿਲਮਾਂ ਦੇ ਸੀਨ, ਗਾਨੇ ਚੱਲਦੇ ਹੁੰਦੇ ਸੀ। ਅੱਜਕਲ ਇਹ ਬਾਇਓਸਕੋਪ ਸਰਸ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਨੂੰ ਚਲਾ ਰਹੇ ਸੋਨੂੰ ਭੱਟ ਦਾ ਕਹਿਣਾ ਹੈ ਕਿ ਉਸ ਦੇ ਬਜ਼ੁਰਗ ਵੀ ਪੁਰਾਤਨ ਵਸਤਾਂ ਬਣਾਉਣ ਅਤੇ ਪੇਸ਼ਕਾਰੀਆਂ ਕਰਨ ਦਾ ਕੰਮ ਕਰਦੇ ਸਨ। ਮੇਲੇ ਵਿੱਚ ਆਉਣ ਵਾਲੇ ਬਜ਼ੁਰਗ ਯਾਦਗਾਰ ਵਜੋਂ ਆਪਣੇ ਬੱਚਿਆਂ ਨੂੰ ਇਹ ਬਾਇਓਸਕੋਪ ਜ਼ਰੂਰ ਦਿਖਾਉਂਦੇ ਹਨ। ਕਈ ਬਜ਼ੁਰਗ ਤਾਂ ਇਹ ਕਹਿੰਦੇ ਸੁਣੇ ਕਿ ਤੁਸੀਂ ਤਾਂ ਸਾਨੂੰ ਸਾਡਾ ਬਚਪਨ ਚੇਤੇ ਕਰਵਾ ਦਿੱਤਾ। ਇਸ ਥਾਂ ’ਤੇ ਹੀ ਕਠਪੁਤਲੀਆਂ ਦਾ ਸਟਾਲ ਲਾ ਕੇ ਬੈਠੇ ਰਾਜਸਥਾਨ ਦੇ ਹੀ ਅਸ਼ੋਕ ਭੱਟ ਅਤੇ ਸੰਜੇ ਭੱਟ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਇਸ ਪੇਸ਼ੇ ਨਾਲ ਜੁੜੇ ਹੋਏ ਹਨ। ਪੁਰਾਣੇ ਸਮੇਂ ਵਿੱਚ ਕਠਪੁਤਲੀਆਂ ਹੀ ਮਨੋਰੰਜਨ ਦਾ ਮੁੱਖ ਸਾਧਨ ਹੁੰਦੀਆਂ ਸਨ। ਉਨ੍ਹਾਂ ਦਾ ਇੱਥੇ ਪੂਰਾ ਗਰੁੱਪ ਆਇਆ ਹੈ ਜਿਸ ਵੱਲੋਂ ਵੱਖ ਵੱਖ ਰਾਜਸਥਾਨੀ ਡਾਂਸ, ਕਾਚੀ ਗੋੜੀ ਡਾਂਸ, ਬਾਂਸ ਮੈਨ ਤੋਂ ਇਲਾਵਾ ਹੋਰ ਕਈ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੇਲੇ ਵਿੱਚ ਧੌਣ ਨਾਲ ਸਰੀਆ ਵਿੰਗਾਂ ਕਰਨ ਦੇ ਕਰਤਵ ਦਿਖਾਉਂਦੇ ਨੌਜਵਾਨ ਵੀ ਚੰਗੀ ਵਾਹ ਵਾਹ ਖੱਟ ਰਹੇ ਹਨ। ਸਰਸ ਮੇਲੇ ਵਿੱਚ ਜਿੱਥੇ ਵੱਖ ਵੱਖ ਪਕਵਾਨਾਂ ਦੇ ਸਟਾਲ ਲੱਗੇ ਹੋਏ ਹਨ ਉੱਥੇ ਲੱਕੜੀ ਦੇ ਫਰਨੀਚਰ, ਲੱਕੜੀ ਦੇ ਖਿਡੌਣੇ, ਲਾਖ ਦੇ ਖਿਡੌਣੇ, ਕੱਪੜੇ ਦੇ ਖਿਡੌਣੇ, ਕਸ਼ਮੀਰੀ ਕਾਹਵਾ, ਮੁਰੱਬੇ, ਆਚਾਰ, ਨਕਲੀ ਫੁੱਲ, ਸੈਂਟ, ਜੁੱਤੀਆਂ, ਨਕਲੀ ਗਹਿਣੇ, ਸਜਾਵਟੀ ਸਮਾਨ ਆਦਿ ਦੇ ਸਟਾਲ ਵੀ ਮੇਲੀਆਂ ਲਈ ਆਕਰਸ਼ਿਤ ਦਾ ਕੇਂਦਰ ਬਣੇ ਹੋਏ ਹਨ।