ਗੌਰ ਨਿਤਾਈ ਰੱਥ ਯਾਤਰਾ ’ਚ ਜੁੜੇ ਵੱਡੀ ਗਿਣਤੀ ਸ਼ਰਧਾਲੂ
ਲੁਧਿਆਣਾ, 9 ਫਰਵਰੀ
ਇਸਕਾਨ ਜਨਪੱਥ ਅਤੇ ਇਸਕਾਨ ਮੰਦਿਰ ਵੱਲੋਂ ਅੱਜ ਲੁਧਿਆਣਾ ਵਿੱਚ ਗੌਰ ਨਿਤਾਈ ਰੱਥ ਯਾਤਰਾ ਕੱਢੀ ਗਈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਕਰਤ ਕੀਤੀ। ਇਸ ਯਾਤਰਾ ਨੇ ਪੂਰੇ ਇਲਾਕੇ ਨੂੰ ਭਗਤੀ ਰੰਗ ਵਿੱਚ ਰੰਗ ਦਿੱਤਾ। ਸਥਾਨਕ ਲੋਕਾਂ ਅਤੇ ਵਪਾਰੀਆਂ ਨੇ ਥਾਂ-ਥਾਂ ’ਤੇ ਲੰਗਰ ਲਾਏ ਹੋਏ ਸਨ। ਲੁਧਿਆਣਾ ਵਿੱਚ ਅੱਜ ਦੁਪਹਿਰ ਬਾਅਦ ਕੱਢੀ ਗਈ ਯਾਤਰਾ ਨੂੰ ਲੈ ਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਸਜਾਵਟ ਕੀਤੀ ਜਾ ਰਹੀ ਸੀ।
ਇਸ ਯਾਤਰਾਂ ਵਾਲੇ ਸਾਰੇ ਰਾਹ ਦੇ ਆਲੇ-ਦੁਆਲੇ ਰੰਗ-ਬਰੰਗੀਆਂ ਬਿਜਲਈ ਰੌਸ਼ਨੀਆਂ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਇਹ ਰੱਥ ਯਾਤਰਾ ਪ੍ਰਾਚੀਨ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਡਿਵੀਜ਼ਨ ਨੰਬਰ ਤਿੰਨ, ਬਾਬਾ ਥਾਨ ਸਿੰਘ ਚੌਂਕ, ਸ਼ਿੰਗਾਰਾ ਸਿਨੇਮਾ ਰੋਡ, ਸਮਰਾਲਾ ਚੌਂਕ, ਗੁਰੂ ਅਰਜਨ ਦੇਵ ਨਗਰ, ਵਰਧਮਾਨ ਰੋਡ ਤੋਂ ਹੁੰਦੀ ਹੋਈ ਸੈਕਟਰ-32 ਵਿੱਚ ਪੈਂਦੇ ਮਾਂ ਵੈਸ਼ਨੋ ਧਾਮ ਵਿੱਚ ਜਾ ਕੇ ਸਮਾਪਤ ਹੋਈ। ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ ਉਥੇ ਠਾਠਾਂ ਮਾਰਦਾ ਸ਼ਰਧਾਲੂਆਂ ਦਾ ਇਕੱਠ ਵੱਖਰਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਸੰਗੀਤਕ ਮੰਡਲੀਆਂ ਭਜਨ ਗਾਉਂਦੀਆਂ ਅੱਗੇ ਵਧ ਰਹੀਆਂ ਸਨ। ਇਸ ਰੱਥ ਯਾਤਰਾ ਦੇ ਸਵਾਗਤ ਲਈ ਥਾਂ-ਥਾਂ ’ਤੇ ਵੱਡੀਆਂ ਸਟੇਜ਼ਾਂ ਲਾ ਕੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ, ਅਹਿਮ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਸੀ।