ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਸਤੰਬਰ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਇਕ ਵਫ਼ਦ ਅੱਜ ਇਥੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਨੂੰ ਮਿਲਿਆ ਅਤੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਦੇ ਮਾਮਲੇ ਵਿੱਚ ਕਾਰਵਾਈ ਵਿੱਚ ਤੇਜ਼ੀ ਲਿਆ ਕੇ ਇਨਸਾਫ਼ ਦੀ ਮੰਗ ਕੀਤੀ। ਵਫ਼ਦ ਵਿੱਚ ਕਾਮਰੇਡ ਸੰਧੂ ਵੀ ਸ਼ਾਮਲ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਸੰਧੂ ਨਾਲ ਵਿਸ਼ਵਾਸਘਾਤ ਹੋਇਆ ਹੈ ਅਤੇ ਬੈਂਕ ਵਿੱਚ ਫਰਜ਼ੀ ਦਸਤਾਵੇਜ਼ ਲਾ ਕੇ ਮੋਟੀ ਠੱਗੀ ਮਾਰੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੈਂਕ ਵਿੱਚੋਂ ਮੈਨੇਜਰ ਦੀ ਕਥਿਤ ਮਿਲੀਭੁਗਤ ਨਾਲ 50 ਲੱਖ ਰੁਪਏ ਜਵਾਈ ਨੇ ਕਢਵਾਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਟਾਰਨੀ ਵੀ ਆਪਣੀ ਰਿਪੋਰਟ ਦੇ ਚੁੱਕਾ ਹੈ। ਉਨ੍ਹਾਂ ਗਲਤ ਡੀਡਾਂ ਬਣਾ ਕੇ ਕਥਿਤ ਠੱਗੀ ਕਰਨ ਵਾਲੇ ਕਾਬੂ ਕਰਨ ਦੀ ਮੰਗ ਕੀਤੀ। ਜਥੇਬੰਦੀ ਨੇ ਕਿਹਾ ਕਿ ਦਿੱਤੀ ਦਰਖ਼ਾਸਤ ਮੁਤਾਬਕ ਸਾਰੇ ਮੁਲਜ਼ਮ ਕਾਬੂ ਨਾ ਕਰਨ 'ਤੇ ਉਹ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕਰਨਗੇ। ਵਫ਼ਦ ਵਿੱਚ ਬੂਟਾ ਸਿੰਘ ਰਾਮਗੜ੍ਹ, ਅਮਰਜੀਤ ਸਿੰਘ ਚੀਮਨਾ, ਪ੍ਰਧਾਨ ਅਮਰਜੀਤ ਸਿੰਘ, ਕੁਲਵੰਤ ਸਿੰਘ ਖਾਲਸਾ, ਕਿਰਪਾਲ ਸਿੰਘ ਚੱਕ ਭਾਈਕਾ, ਮਲਕੀਤ ਸਿੰਘ ਫੌਜੀ ਸ਼ਾਮਲ ਸਨ।