ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ
ਇਥੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸੰਧੂ ਨੂੰ ਇਨਸਾਫ਼ ਦਿਵਾਉਣ ਲਈ ਜਨਤਕ ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫ਼ਦ ਅੱਜ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਨੂੰ ਮਿਲਿਆ। ਵਫ਼ਦ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਕਾਮਰੇਡ ਸੰਧੂ ਨੂੰ ਇਨਸਾਫ਼ ਦਿਵਾਉਣ ਲਈ ਦਫ਼ਤਰਾਂ ਦੇ ਚੱਕਰ ਕੱਟਿਆਂ ਛੇਵਾਂ ਸਾਲ ਸ਼ੁਰੂ ਹੋ ਗਿਆ ਹੈ ਪਰ ਉਨ੍ਹਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਜੇ ਪੁਲੀਸ ਨੇ ਸਮੇਂ ਸਿਰ ਹਾਈ ਕੋਰਟ ਵਿੱਚ ਲਿਖਤੀ ਦਰਖ਼ਾਸਤ ਨਾ ਦਿੱਤੀ, ਇਸ ਦਾ ਲਾਭ ਮੁਲਜ਼ਮਾਂ ਨੂੰ ਮਿਲੇਗਾ। ਉਲਟਾ ਵੱਡਾ ਨੁਕਸਾਨ ਸੰਧੂ ਪਰਿਵਾਰ ਦਾ ਹੋਵੇਗਾ ਕਿਉਂਕਿ ਉਨ੍ਹਾਂ ਕੋਲ ਨਾ ਜ਼ਮੀਨ ਬਚੇਗੀ ਅਤੇ ਨਾ ਘਰ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਜੇ ਅਜਿਹਾ ਵਾਪਰਿਆ ਤਾਂ ਜਥੇਬੰਦੀਆਂ ਸਹਿਣ ਨਹੀਂ ਕਰਨਗੀਆਂ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਤੇ ਲੋਕ ਕਿਸੇ ਵੀ ਕੀਮਤ ’ਤੇ ਅਜਿਹਾ ਨਹੀਂ ਹੋਣ ਦੇਣਗੇ। ਏਟਕ ਵੱਲੋਂ ਵਫ਼ਦ ਵਿੱਚ ਸ਼ਾਮਲ ਜਗਦੀਸ਼ ਸਿੰਘ ਨੇ ਇਨਸਾਫ਼ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਹਰਦੇਵ ਸੰਧੂ ਨੇ ਕਿਹਾ ਕਿ ਉਨ੍ਹਾਂ ਨਾਲ ਵਿਸ਼ਵਾਸਘਾਤ ਹੋਇਆ ਹੈ। ਵਫ਼ਦ ਨੂੰ ਸੁਣਨ ਮਗਰੋਂ ਪੁਲੀਸ ਕਪਤਾਨ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕਰਨ ਤੇ ਬਣਦੀ ਕਾਰਵਾਈ ਲਈ ਥਾਣਾ ਹਠੂਰ ਦੇ ਮੁਖੀ ਨੂੰ ਭਲਕੇ ਆਪਣੇ ਦਫ਼ਤਰ ਵਿੱਚ ਸੱਦ ਲਿਆ ਹੈ।
