ਲੁਧਿਆਣਾ ਦੇ ਦਰੇਸੀ ਮੈਦਾਨ ’ਤੇ ਤਿਆਰ ਹੋ ਰਿਹੈ 121 ਫੁੱਟ ਦਾ ਰਾਵਣ
ਲੁਧਿਆਣਾ ਦੇ ਮਸ਼ਹੂਰ ਦਰੇਸੀ ਮੈਦਾਨ ਵਿੱਚ ਪਿਛਲੇ ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਦਸਹਿਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਇੱਥੇ ਸੂਬੇ ’ਚ ਸਭ ਤੋਂ ਉੱਚਾ 121 ਫੁੱਟ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ। ਇਸ ਪੁਤਲੇ ਨੂੰ ਅਜ਼ਹਰ ਅਲੀ/ਇਮਰਾਨ ਖਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।
ਸ੍ਰੀ ਰਾਮ ਲੀਲ੍ਹਾ ਅਤੇ ਦਸਹਿਰਾ ਕਮੇਟੀ ਵੱਲੋਂ ਦਰੇਸੀ ਵਿੱਚ ਸਾਲ 1961 ਤੋ ਵੀ ਪਹਿਲਾਂ ਤੋਂ ਬੁਰਾਈ ਤੇ ਇਛਾਈ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦਸਹਿਰਾ ਮਨਾਇਆ ਜਾ ਰਿਹਾ ਹੈ। ਪਿਛਲੇ ਕਰੀਬ ਚਾਰ-ਪੰਜ ਦਹਾਕਿਆਂ ਤੋਂ ਅਸ਼ਰਫ ਅਲੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਰਾਵਣ ਦੇ ਪੁਤਲੇ ਤਿਆਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਹੁਣ ਅਸ਼ਰਫ ਅਲੀ ਦੇ ਲੜਕੇ ਅਸਗਰ ਅਲੀ, ਪੋਤੇ ਇਮਰਾਨ ਖਾਨ ਅਤੇ ਸੁਹੇਲ ਖਾਨ ਦੀ ਅਗਵਾਈ ਵਿੱਚ ਢਾਈ ਦਰਜਨ ਕਾਰੀਗਰਾਂ ਵੱਲੋਂ ਰਾਵਣ, ਮੇਘਨਾਥ ਅਤੇ ਕੁੰਭਕਰਣ ਦੇ ਪੁਤਲੇ ਬਣਾਏ ਜਾਂਦੇ ਸੋਹੇਲ ਖਾਨ ਨੇ ਦੱਸਿਆ ਕਿ ਇਸ ਵਾਰ ਦਰੇਸੀ ਮੈਦਾਨ ’ਤੇ ਸਭ ਤੋਂ ਵੱਡਾ 121 ਫੁੱਟ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ। ਇਸ ਵਾਰ ਪੁਤਲੇ ਦੀ ਲੰਬਾਈ ਭਾਵੇਂ ਪਿਛਲੇ ਸਾਲ ਦੇ ਮੁਕਾਬਲੇ ਕੁੱਝ ਘੱਟ ਰੱਖੀ ਗਈ ਹੈ ਪਰ ਚੌੜਾਈ ਵਧਾਈ ਗਈ ਹੈ। ਦਸਹਿਰੇ ਵਾਲੇ ਦਿਨ ਪੁਤਲੇ ਦੀ ਛਾਤੀ ਅਤੇ ਪਿੱਠ ਵਿੱਚੋਂ ਚੱਲਣ ਵਾਲੇ ਰੰਗ-ਬਿਰੰਗੇ ਅਨਾਰ ਲੋਕਾਂ ਲਈ ਖਿੱਚ ਦਾ ਕੇਂਦਰ ਹੋਣਗੇ। ਇਸੇ ਤਰ੍ਹਾਂ ਰਾਵਣ ਦੀ ਬੈਲਟ ਵੀ ਖਾਸ ਤਰ੍ਹਾਂ ਦੀ ਬਣਾਈ ਗਈ ਹੈ। ਦਰੇਸੀ ਮੈਦਾਨ ਤੋਂ ਇਲਾਵਾ ਉਨ੍ਹਾਂ ਵੱਲੋਂ ਸ਼ਹਿਰ ਦੀਆਂ ਹੋਰ ਵੱਖ ਵੱਖ ਡੇਢ ਦਰਜਨ ਥਾਵਾਂ ਲਈ ਪੁਤਲੇ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਉਪਕਾਰ ਨਗਰ ਵਿੱਚ 65 ਫੁੱਟ ਉੱਚਾ ਜਦਕਿ ਮੰਡੀ ਗੋਬਿੰਦਗੜ੍ਹ ਨੇੜੇ 85 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ। ਲੁਧਿਆਣਾ ਤੋਂ ਇਲਾਵਾ ਇੰਨਾਂ ਵੱਲੋਂ ਫਗਵਾੜਾ, ਜਲੰਧਰ, ਖੰਨਾ, ਹਰਿਆਣਾ ਅਤੇ ਦਿੱਲੀ ਆਦਿ ਥਾਵਾਂ ’ਤੇ ਵੀ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ।