ਡੇਰੇਦਾਰ ਦੀ ਕੁੱਟਮਾਰ ਦੇ ਦੋਸ਼ ਹੇਠ 24 ਨਾਮਜ਼ਦ
ਡੇਹਲੋਂ ਦੇ ਪਿੰਡ ਜੱਸੜ ਵਿੱਚ ਇੱਕ ਡੇਰੇ ਉਪਰ ਕਬਜ਼ੇ ਨੂੰ ਲੈ ਕੇ ਪਿੰਡ ਦੇ ਕੁੱਝ ਲੋਕਾਂ ਨੇ ਡੇਰੇਦਾਰ ਨਾਲ ਕੁੱਟਮਾਰ ਕਰਨ ਦੀ ਖ਼ਬਰ ਮਿਲਣ ਮਗਰੋਂ ਪੁਲੀਸ ਨੇ ਪਿੰਡ ਦੇ 24 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਡੇਰਾ ਤਕੀਆ ਬਾਬਾ ਭਰਭੂਰ ਸ਼ਾਹ ਦੇ ਸੇਵਾਦਾਰ ਸਲੀਮ ਸ਼ਾਹ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਧਾਰਮਿਕ ਥਾਂ ’ਤੇ ਸੇਵਾ ਨਿਭਾਅ ਰਿਹਾ ਹੈ, ਜਦਕਿ ਪਿੰਡ ਦੇ ਕੁੱਝ ਲੋਕ ਉਸ ਨੂੰ ਡੇਰੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹਨ। ਉਹ ਜਦੋਂ ਡੇਰੇ ਦੇ ਨਾਲ ਲੱਗਦੀ ਜ਼ਮੀਨ ਵਿੱਚ ਟਰੈਕਟਰ ਨਾਲ ਵਾਹੀ ਕਰ ਰਿਹਾ ਸੀ ਤਾਂ ਕੁੱਝ ਲੋਕਾਂ ਨੂੰ ਲਲਕਾਰੇ ਮਾਰਦਿਆਂ ਆਉਂਦੇ ਦੇਖ ਕੇ ਉਹ ਆਪਣੇ ਘਰ ਅੰਦਰ ਦਾਖ਼ਲ ਹੋ ਗਿਆ ਜਦਕਿ ਹਮਲਾਵਰ ਘਰ ਦਾ ਗੇਟ ਤੋੜ ਕੇ ਜ਼ਬਰਦਸਤੀ ਘਰ ਅੰਦਰ ਦਾਖ਼ਲ ਹੋ ਗਏ ਅਤੇ ਉਸ ਦੀ ਕੁੱਟਮਾਰ ਕੀਤੀ।
ਉਸ ਨੇ ਜਦੋਂ ਬਚਾਅ ਲਈ ਰੌਲਾ ਪਾਇਆ ਤਾਂ ਉਸ ਦੇ ਪਿਤਾ ਛੱਜੂ ਸ਼ਾਹ ਤੇ ਛੋਟੀ ਭੈਣ ਰੱਜੀ ਉਸ ਨੂੰ ਬਚਾਉਣ ਲਈ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟ ਮਾਰ ਕੀਤੀ ਗਈ ਅਤੇ ਉਹ ਡੇਰਾ ਛੱਡਣ ਦੀਆਂ ਧਮਕੀਆਂ ਦਿੰਦੇ ਹੋਏ ਚਲੇ ਗਏ। ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਤੇਜਿੰਦਰ ਸਿੰਘ ਲਾਡੀ, ਤੇਜਵਿੰਦਰ ਸਿੰਘ, ਮਨਵੀਰ ਸਿੰਘ, ਕ੍ਰਾਂਤੀ ਅਲੀ, ਬੋਨੀ, ਗੁਰਵਿੰਦਰ ਸਿੰਘ, ਲਾਲੀ, ਇੰਦਰਜੀਤ ਖਾਨ, ਇੰਦਰਪ੍ਰੀਤ ਸਿੰਘ, ਬਲਦੇਵ ਸਿੰਘ, ਮਸਕੀਨ ਸਿੰਘ, ਗੁਰਚਰਨ ਸਿੰਘ, ਅਜਮੇਰ ਸਿੰਘ, ਰਿਆਜ, ਰਮਜਾਨ, ਸੁਰਿੰਦਰ ਕਾਲਾ, ਹਰਵੀਰ ਸਿੰਘ, ਮੁਹੰਮਦ ਕੈਫ, ਸਰੂਪ ਸਿੰਘ, ਸਤਵੀਰ ਸਿੰਘ, ਮਨਜੀਤ ਸਿੰਘ, ਜਸਵੰਤ ਸਿੰਘ, ਜਮੀਲ ਮੁਹੰਮਦ ਅਤੇ ਅਜੀਤ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।