ਹੜ੍ਹ ਪੀੜਤ ਪਰਿਵਾਰਾਂ ਲਈ 2 ਹਜ਼ਾਰ ਲਿਟਰ ਦੁੱਧ ਭੇਜਿਆ
ਅਸਮਾਨ ਤੋਂ ਵਰ੍ਹੀ ਮੁਸੀਬਤ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਏ ਭਿਆਨਕ ਹੜ੍ਹ ਨੇ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਅਜਿਹੇ ਮੁਸ਼ਕਲ ਸਮੇਂ ਵਿੱਚ ਜ਼ਰੂਰਤਮੰਦਾਂ ਦੀ ਮਦਦ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਲਗਾਤਾਰ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਰਾਹਤ ਸਮੱਗਰੀ ਦੀ ਦੂਜੀ ਕੜੀ ਦੇ ਰੂਪ ਵਿੱਚ ਉਨ੍ਹਾਂ ਅੱਜ ਹੜ੍ਹ ਪੀੜਤ ਪਰਿਵਾਰਾਂ ਲਈ 2 ਹਜ਼ਾਰ ਲਿਟਰ ਦੁੱਧ ਭੇਜ ਕੇ ਮਨੁੱਖਤਾ ਅਤੇ ਸੇਵਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੁਸ਼ਕਲ ਸਮਾਂ ਪੂਰੇ ਸੂਬੇ ਦੇ ਲੋਕਾਂ ਲਈ ਵੱਡੀ ਚੁਣੌਤੀ ਹੈ, ਪਰ ਕਾਂਗਰਸ ਪਾਰਟੀ ਹਰ ਸੰਭਵ ਤਰੀਕੇ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਰਾਹਤ ਸਮੱਗਰੀ ਦਾ ਮਕਸਦ ਸਿਰਫ ਜ਼ਰੂਰਤਾਂ ਨੂੰ ਪੂਰਾ ਕਰਨਾ ਹੀ ਨਹੀਂ, ਸਗੋਂ ਪ੍ਰਭਾਵਿਤ ਪਰਿਵਾਰਾਂ ਨੂੰ ਇਹ ਭਰੋਸਾ ਦਿਵਾਉਣਾ ਵੀ ਹੈ ਕਿ ਸਮਾਜ ਉਨ੍ਹਾਂ ਦੇ ਨਾਲ ਹੈ।ਖਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਰਾਹਤ ਸਮੱਗਰੀ ਭੇਜਣ ਦਾ ਮੁਹਿੰਮ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜ਼ਰੂਰੀ ਵਸਤੂਆਂ ਹੜ੍ਹ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਸਮਾਜ ਦੇ ਸਾਰੇ ਵਰਗ ਅੱਗੇ ਆ ਕੇ ਇਸ ਮੁਸ਼ਕਲ ਸਮੇਂ ਵਿੱਚ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕਰਨ ਕਿਉਂਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਆਮ ਜੀਵਨ ਵਿੱਚ ਵਾਪਸ ਆਉਣ ਵਿੱਚ ਸਮਾਂ ਲੱਗੇਗਾ ਅਤੇ ਇਸ ਲਈ ਸਮੂਹਿਕ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਏਕਤਾ ਅਤੇ ਸਹਿਯੋਗ ਦੀ ਭਾਵਨਾ ਨਾਲ ਇਸ ਆਫਤ 'ਤੇ ਕਾਬੂ ਪਾਇਆ ਜਾ ਸਕਦਾ ਹੈ।