ਪਤੀ-ਪਤਨੀ ਨੂੰ ਧਮਕਾਉਣ ਦੇ ਦੋਸ਼ ਹੇਠ ਦੋ ਸਰਪੰਚਾਂ ਸਮੇਤ 19 ਨਾਮਜ਼ਦ
ਪਿੰਡ ਬੁਰਜ ਹਕੀਮਾਂ ਵਿੱਚ ਕਰੀਬ ਸਵਾ ਮਹੀਨਾ ਪਹਿਲਾਂ ਰਾਤ ਸਮੇਂ ਘਰ ਦੇ ਨੇੜੇ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਰ ਸਵਾਰ ਪਤੀ-ਪਤਨੀ ਨੂੰ ਧਮਕਾਉਣ ਦੇ ਦੋਸ਼ ਹੇਠ ਪਿੰਡ ਬੁਰਜ ਹਕੀਮਾਂ ਦੇ ਸਰਪੰਚ ਸਰਬਜੀਤ ਸਿੰਘ ਅਤੇ ਪਿੰਡ ਜੌਹਲਾਂ ਦੇ ਸਰਪੰਚ ਕੁਲਦੀਪ ਸਿੰਘ ਕੱਦੂ ਸਮੇਤ ਕਰੀਬ ਡੇਢ ਦਰਜਨ ਵਿਅਕਤੀਆਂ ਖ਼ਿਲਾਫ਼ ਥਾਣਾ ਸਰਦ ਰਾਏਕੋਟ ਦੀ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਹੈ। ਲੁਧਿਆਣਾ (ਦਿਹਾਤੀ) ਪੁਲੀਸ ਵੱਲੋਂ ਕਰੀਬ ਸਵਾ ਮਹੀਨਾ ਮਗਰੋਂ ਆਖ਼ਰ ਇਹ ਮਾਮਲਾ ਉਸ ਸਮੇਂ ਦਰਜ ਕੀਤਾ ਗਿਆ ਜਦੋਂ ਪੀੜਤ ਭਗਵੰਤ ਸਿੰਘ ਗਰੇਵਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਯਸ਼ਵੀਰ ਸਿੰਘ ਰਾਠੌਰ ਵੱਲੋਂ ਕੇਸ ਦਾ ਨਿਬੇੜਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਲਈ ਆਦੇਸ਼ ਦਿੱਤੇ ਗਏ। ਸ਼ਿਕਾਇਤਕਰਤਾ ਭਗਵੰਤ ਸਿੰਘ ਗਰੇਵਾਲ ਨੇ ਦੋਸ਼ ਲਾਇਆ ਸੀ ਕਿ ਸਰਪੰਚ ਸਰਬਜੀਤ ਸਿੰਘ ਅਤੇ ਹੋਰਨਾਂ ਵੱਲੋਂ 7 ਜੁਲਾਈ ਦੀ ਰਾਤ ਸਮੇਂ ਰੂੜ੍ਹੀ ਦੀ ਖਾਦ ਭਾਰੀ ਮਾਤਰਾ ਵਿੱਚ ਚੋਰੀ ਕੀਤੀ ਗਈ ਸੀ ਜਦਕਿ ਮਾਮਲਾ ਜਗਰਾਉਂ ਦੀ ਸਿਵਲ ਅਦਾਲਤ ਵਿੱਚ ਵਿਚਾਰ ਅਧੀਨ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਸਰਬਜੀਤ ਸਿੰਘ, ਪਿੰਡ ਜੌਹਲਾਂ ਦੇ ਸਰਪੰਚ ਕੁਲਦੀਪ ਸਿੰਘ ਉਰਫ਼ ਕੱਦੂ, ਪਰਗਟ ਸਿੰਘ ਵਾਸੀ ਸੀਲੋਆਣੀ, ਜਗਦੀਪ ਸਿੰਘ ਜੱਗੀ, ਰਛਪਾਲ ਸਿੰਘ, ਬਲਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਚੂਹੜ ਸਿੰਘ ਅਤੇ ਬਲਵੀਰ ਸਿੰਘ ਵਾਸੀ ਬੁਰਜ ਹਕੀਮਾਂ ਤੋਂ ਇਲਾਵਾ 10 ਅਣਪਛਾਤੇ ਵਿਅਕਤੀਆਂ ਨੇ ਪਤਨੀ ਸਮੇਤ ਉਸ ਨੂੰ ਹਥਿਆਰ ਦਿਖਾ ਕੇ ਘੇਰ ਕੇ ਧਮਕਾਇਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ ਤੇ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਣ ਮਗਰੋਂ ਮਾਮਲੇ ਨੇ ਜ਼ੋਰ ਫੜ ਲਿਆ ਸੀ।