ਕੇਂਦਰੀ ਜੇਲ੍ਹ ਵਿੱਚ ਬੰਦੀਆਂ ਕੋਲੋਂ 15 ਮੋਬਾਈਲ ਤੇ ਡੋਂਗਲ ਬਰਾਮਦ
ਜੇਲ੍ਹ ਪ੍ਰਸ਼ਾਸਨ ਨੇ ਥਾਣਾ ਡਿਵੀਜ਼ਨ ਸੱਤ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਤੋਂ ਇਲਾਵਾ ਅਰਜੁਨ ਭਾਟੀ, ਮੁਹੰਮਦ ਅਫਜ਼ਲ, ਕਮਲਜੀਤ ਸਿੰਘ, ਸ਼ਰਨਜੀਤ ਸਿੰਘ, ਧਨਜੈ ਉਰਫ਼ ਦੀਪੂ, ਅਨਿਕੇਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਸਹਾਇਕ ਸੁਪਰਡੈਂਟ ਰਾਜੀਵ ਕੁਮਾਰ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਹੈ। ਸਹਾਇਕ ਸੁਪਰਡੈਂਟ ਰਾਜੀਵ ਕੁਮਾਰ ਨੇ ਜੇਲ੍ਹ ਦੇ ਵੱਖ-ਵੱਖ ਬਲਾਕਾਂ ਵਿੱਚ ਅਚਾਨਕ ਚੈਕਿੰਗ ਮੁਹਿੰਮ ਚਲਾਈ, ਜਿਸ ਵਿੱਚ ਵੱਖ-ਵੱਖ ਬੈਰਕਾਂ ਅਤੇ ਬਾਥਰੂਮਾਂ ਦੀ ਵੀ ਜਾਂਚ ਕੀਤੀ ਗਈ। ਇਸ ਜਾਂਚ ਤੋਂ ਬਾਅਦ ਅਧਿਕਾਰੀਆਂ ਨੂੰ ਕੁੱਲ 15 ਮੋਬਾਈਲ ਮਿਲੇ, ਜੋ ਕਿ ਵੱਖ-ਵੱਖ ਕੰਪਨੀਆਂ ਦੇ ਸਨ। ਇੱਕ ਵਾਈਫਾਈ ਡੋਂਗਲ ਵੀ ਮਿਲਿਆ ਹੈ। ਮੁਲਜ਼ਮ ਹਵਾਲਾਤੀ ਜੇਲ੍ਹ ਦੇ ਅੰਦਰੋਂ ਵਾਈਫਾਈ ਡੋਂਗਲ ਦੀ ਮਦਦ ਨਾਲ ਇੰਟਰਨੈੱਟ ਦੀ ਵਰਤੋਂ ਕਰਦਾ ਸੀ। ਪੁਲੀਸ ਹੁਣ ਮੋਬਾਈਲ ਅਤੇ ਵਾਈਫਾਈ ਡੋਂਗਲ ਦੀ ਮਦਦ ਨਾਲ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਸ-ਕਿਸ ਨਾਲ ਸੰਪਰਕ ਵਿੱਚ ਸਨ। ਉਨ੍ਹਾਂ ਦੇ ਮੋਬਾਈਲਾਂ ਤੋਂ ਮਿਲੇ ਮੋਬਾਈਲ ਸਿਮ ਕਿਸ ਦੇ ਨਾਮ ’ਤੇ ਹਨ। ਥਾਣਾ ਡਿਵੀਜ਼ਨ ਸੱਤ ਨੇ ਵੀ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।