ਚੋਣਾਂ ’ਚ ਵੰਡਣ ਲਈ ਲਿਆਂਦੀ 14 ਪੇਟੀਆਂ ਸ਼ਰਾਬ ਬਰਾਮਦ
ਮੁਲਜ਼ਮ ਨੇ ਸ਼ਰਾਬ ਕਾਂਗਰਸੀ ਉਮੀਦਵਾਰ ਦੀ ਹੋਣ ਬਾਰੇ ਪੁਸ਼ਟੀ ਕੀਤੀ: ਡੀ ਐੱਸ ਪੀ
Advertisement
ਥਾਣਾ ਜੋਧਾਂ ਦੀ ਪੁਲੀਸ ਨੇ ਕਥਿਤ ਤੌਰ ’ਤੇ ਬਲਾਕ ਸਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਵੰਡਣ ਲਈ ਲਿਆਂਦੀ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਕਰੀਬ 14 ਪੇਟੀਆਂ (167 ਬੋਤਲਾਂ) ਫੜੇ ਜਾਣ ਦੀ ਪੁਸ਼ਟੀ ਉਪ ਪੁਲੀਸ ਕਪਤਾਨ ਦਾਖਾ ਵਰਿੰਦਰ ਸਿੰਘ ਖੋਸਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਹ ਦੇ ਆਧਾਰ ’ਤੇ ਮਾਰੇ ਛਾਪੇ ਦੌਰਾਨ ਮੁਲਜ਼ਮ ਪਿੰਦਰ ਸਿੰਘ ਪੁੱਤਰ ਚਰਨ ਸਿੰਘ ਦੇ ਘਰੋਂ ਇਹ ਬਰਾਮਦਗੀ ਕੀਤੀ ਗਈ ਹੈ। ਮੁਲਜ਼ਮ ਖ਼ਿਲਾਫ਼ ਆਬਕਾਰੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਡੀ ਐੱਸ ਪੀ ਖੋਸਾ ਨੇ ਕਿਹਾ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਮੁਲਜ਼ਮ ਨੇ ਸ਼ਰਾਬ ਬਲਾਕ ਸਮਿਤੀ ਜੋਧਾਂ ਤੋਂ ਕਾਂਗਰਸੀ ਉਮੀਦਵਾਰ ਸਤਿੰਦਰ ਕੌਰ ਦੀ ਹੋਣ ਬਾਰੇ ਪੁਸ਼ਟੀ ਕੀਤੀ ਹੈ।
ਕਾਂਗਰਸ ਆਗੂਆਂ ਨੇ ਦੋਸ਼ਾਂ ਨੂੰ ਨਕਾਰਿਆ
ਜੋਧਾਂ ਬਲਾਕ ਸਮਿਤੀ ਲਈ ਕਾਂਗਰਸ ਪਾਰਟੀ ਦੀ ਉਮੀਦਵਾਰ ਸਤਿੰਦਰ ਕੌਰ ਦੇ ਪਤੀ ਜਸਵੰਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਸੱਤਾਧਾਰੀ ਧਿਰ ਵੱਲੋਂ ਬਦਨਾਮ ਕਰਨ ਦੀ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਝੂਠਾ ਬਿਰਤਾਂਤ ਘੜਿਆ ਗਿਆ ਹੈ।
Advertisement
ਬਾਅਦ ਵਿੱਚ ਡੀ ਐੱਸ ਪੀ ਖੋਸਾ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹਾਲੇ ਤੱਕ ਕਾਂਗਰਸੀ ਉਮੀਦਵਾਰ ਸਤਿੰਦਰ ਕੌਰ ਨੂੰ ਮਾਮਲੇ ਵਿੱਚ ਨਾਮਜ਼ਦ ਨਹੀਂ ਕੀਤਾ ਗਿਆ।
Advertisement
