ਸੜਕ ਹਾਦਸਿਆਂ ਵਿੱਚ 11 ਜਣੇ ਜ਼ਖ਼ਮੀ
ਲੁਧਿਆਣਾ, 27 ਮਈ
ਇੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ 11 ਵਿਅਕਤੀ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਥਾਣਾ ਡੇਹਲੋਂ ਦੇ ਇਲਾਕੇ ਨੇੜੇ ਜਗੇੜਾ ਨਹਿਰ ਪੁਲ ਪੋਹੀੜ ਕੋਲ ਪਿੰਡ ਮਦੇਵੀ ਮਾਲੇਰਕੋਟਲਾ ਵਾਸੀ ਹਰਜਿੰਦਰ ਕੌਰ ਛੋਟਾ ਹਾਥੀ ਦੇ ਡਰਾਈਵਰ ਜਗਦੀਪ ਸਿੰਘ ਨਾਲ ਬੇਟੇ ਅਰਸ਼ਦੀਪ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਨਾਲ ਧਾਰਮਿਕ ਅਸਥਾਨ ਖੁਰਾਲਗੜ੍ਹ ਲਈ ਗਈ ਸੀ। ਵਾਪਸੀ ਸਮੇਂ ਉਹ ਜਗੇੜਾ ਨਹਿਰ ਪੁਲ ਪੋਹੀੜ ਪਾਸ ਪੁੱਜੇ ਤਾਂ ਜਗਦੀਪ ਸਿੰਘ ਨੇ ਆਪਣੀ ਗੱਡੀ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਚਲਾ ਕੇ ਅੱਗੇ ਜਾ ਰਹੇ ਟਰੈਕਟਰ ਵਿੱਚ ਮਾਰੀ ਜਿਸ ਕਾਰਨ ਉਹ, ਉਸਦਾ ਬੇਟਾ ਤੇ ਛੇ ਦੇ ਕਰੀਬ ਹੋਰ ਸਵਾਰੀਆਂ ਦੇ ਕਾਫ਼ੀ ਸੱਟਾਂ ਲੱਗੀਆਂ। ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਡਰਾਈਵਰ ਜਗਦੀਪ ਸਿੰਘ ਵਾਸੀ ਪਿੰਡ ਮਾਣਾ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਮੇਨ ਜੀਟੀ ਰੋਡ ਨੇੜੇ ਦਾਦਾ ਮੋਟਰਜ਼ ਢੋਲੇਵਾਲ ਨੇੜੇ ਰਜਿੰਦਰ ਪ੍ਰਸ਼ਾਦ ਪਾਂਡੇ (57) ਆਪਣੀ ਸਕੂਟਰੀ ਟੀਵੀਐੱਸ ਜੁਪੀਟਰ ’ਤੇ ਨਿੱਜੀ ਕੰਮ-ਕਾਰ ਲਈ ਢੋਲੇਵਾਲ ਚੌਕ ਵੱਲ ਜਾ ਰਿਹਾ ਸੀ ਕਿ ਨੇੜੇ ਦਾਦਾ ਮੋਟਰਜ਼ ਢੋਲੇਵਾਲ ਨੇੜੇ ਇੱਕ ਕਾਰ ਦੇ ਡਰਾਈਵਰ ਗੁਰਜੀਤ ਸਿੰਘ ਕਲਸੀ ਨੇ ਆਪਣੀ ਕਾਰ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਚਲਾ ਕੇ ਉਸਨੂੰ ਫੇਟ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਦੀ ਸਕੂਟਰੀ ਦਾ ਵੀ ਨੁਕਸਾਨ ਹੋਇਆ। ਇਸ ਦੌਰਾਨ ਉਹ ਸਮੇਤ ਕਾਰ ਫ਼ਰਾਰ ਹੋ ਗਿਆ। ਥਾਣੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਥਾਣਾ ਕੂੰਮਕਲਾਂ ਦੇ ਇਲਾਕੇ ਭੈਣੀ ਸਾਹਿਬ ਰੋਡ ਵਿੱਚ ਸਨਮਦੀਪ ਸਿੰਘ ਆਪਣੇ ਚਾਚਾ ਜਸਵੰਤ ਸਿੰਘ ਨਾਲ ਆਪਣੀ ਕਾਰ ਵਿੱਚ ਪਿੰਡ ਭਮਾਂ ਕਲਾਂ ਪੁੱਜਾ ਤਾਂ ਨਨਕਾਣਾ ਸਾਹਿਬ ਸਕੂਲ ਵਾਲੇ ਪਾਸਿਓਂ ਚਰਨਜੀਤ ਸਿੰਘ ਨੇ ਆਪਣੀ ਕਾਰ ਤੇਜ਼ ਰਫ਼ਤਾਰ ਨਾਲ ਚਲਾ ਕੇ ਟੱਕਰ ਮਾਰੀ ਜਿਸ ਨਾਲ ਉਨ੍ਹਾਂ ਦੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਅਤੇ ਦੋਵਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਕਾਰ ਚਾਲਕ ਸਮੇਤ ਕਾਰ ਫ਼ਰਾਰ ਹੋ ਗਿਆ।