ਸ਼ਹੀਦ ਸ਼ੁਭਕਰਨ ਸਿੰਘ ਨੂੰ ਪਿੰਡ ਬੱਲੋਂ ’ਚ ਦਿੱਤੀ ਜਾਵੇਗੀ ਸ਼ਰਧਾਂਜਲੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 15 ਫਰਵਰੀ
ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਸ਼ਹੀਦ ਹੋਏ ਕਿਸਾਨ ਆਗੂ ਸ਼ੁਭਕਰਨ ਸਿੰਘ ਦਾ ਸ਼ਹੀਦੀ ਦਿਹਾੜਾ 21 ਫਰਵਰੀ ਨੂੰ ਮਨਾਇਆ ਜਾਵੇਗਾ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਉਨ੍ਹਾਂ ਦੇ ਪਿੰਡ ਬੱਲੋ ਪਹੁੰਚ ਕੇ ਸ਼ਰਧਾਂਜ਼ਲੀ ਭੇਟ ਕਰਨਗੇ।
ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ 19 ਫਰਵਰੀ ਤੋਂ ਨੌਜਵਾਨ ਕਿਸਾਨਾਂ ਦਾ ਜਥਾ ਸਿਰਸਾ ਤੋਂ ਪੈਦਲ ਚੱਲ ਕੇ ਸ਼ਹੀਦ ਸ਼ੁਭਕਰਨ ਸਿੰਘ ਦੇ ਪਿੰਡ ਸ਼ਹੀਦੀ ਸਮਾਰਕ 'ਤੇ ਸ਼ਰਧਾਂਜ਼ਲੀ ਭੇਟ ਕਰੇਗਾ। ਉਨ੍ਹਾਂ ਦੱਸਿਆ ਹੈ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਸ਼ਹੀਦ ਹੋਏ 43 ਹੋਰ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਤੋਂ ਆਏ ਅਧਿਕਾਰੀਆਂ ਨੂੰ ਅੰਕੜਿਆਂ ਸਮੇਤ ਪੂਰਾ ਲੇਖਾ ਜੋਖਾ ਦਿੱਤਾ। ਉਨ੍ਹਾਂ ਕਿਸਾਨਾਂ ਦੀਆਂ 12 ਮੰਗਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ 'ਤੇ ਅਧਿਕਾਰੀਆਂ ਨੇ ਸਰਕਾਰ ਵੱਲੋਂ ਸਾਕਾਰਤਮਕ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਹੁਣ ਸਕਾਰਾਤਮਕ ਮਾਹੌਲ ਵਿੱਚ ਹੈ ਓਥੇ ਕਿਸਾਨ ਵੀ ਚਾਹੁੰਦੇ ਹਨ ਕਿ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਅੰਦੋਲਨ ਨੂੰ ਖਤਮ ਕੀਤਾ ਜਾਵੇ। ਇੱਕ ਪਾਸੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਭ ਕਾ ਸਾਥ-ਸਭਕਾ ਵਿਕਾਸ, ਦੁਜੇ ਪਾਸੇ ਕੁਝ ਕੁ ਸਰਮਾਏਦਾਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਦਿਆਂ ਕਿਸਾਨ ਵਰਗ ਨੂੰ ਦਬਾਇਆ ਜਾ ਰਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ 21 ਫ਼ਰਵਰੀ ਨੂੰ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸਰਕਾਰ ਦੇ ਹੁਕਮਾਂ ’ਤੇ ਗੋਲੀ ਮਾਰ ਦਿੱਤੀ ਗਈ ਸੀ। ਇਸ ਮੌਕੇ ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਬਾਦਲ ਸਿੰਘ, ਵਿਪਨਜੋਤ ਸਿੰਘ, ਮਨੀ ਸਿੰਘ, ਅੰਮ੍ਰਿਤਪਾਲ ਭਾਵਦੀਨ ਅਤੇ ਰਣਦੀਪ ਸਿੰਘ ਹਾਜ਼ਰ ਸਨ।