ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Shambhu Border: ਸਾਲ ਭਰ ਤੋਂ ਅੰਦੋਲਨਕਾਰੀਆਂ ਦਾ ਟਿਕਾਣਾ ਰਿਹਾ ਸ਼ੰਭੂ ਬਾਰਡਰ ਹੋਇਆ ਸੁੰਨਸਾਨ

Home to protesting farmers till Wednesday, Shambhu border wears deserted look after police crackdown
ਫੋਟੋ: ਪੀਟੀਆਈ
Advertisement

ਸ਼ੰਭੂ, 20 ਮਾਰਚ

ਬੁੱਧਵਾਰ ਤੱਕ ਸ਼ੰਭੂ ਸਰਹੱਦ 'ਤੇ ਆਰਜ਼ੀ ਢਾਂਚਿਆਂ ਅਤੇ ਟਰਾਲੀਆਂ ਨੇ ਉਨ੍ਹਾਂ ਕਿਸਾਨਾਂ ਨੂੰ ਪਨਾਹ ਦਿੱਤੀ ਹੋਈ ਜੋ ਬੀਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੀਆਂ ਵੱਖ-ਵੱਖ ਮੰਗਾਂ ਦੇ ਹੱਕ ਵਿੱਚ ਮੁੱਖ ਹਾਈਵੇਅ - ਸ਼ੰਭੂ-ਅੰਬਾਲਾ ਸ਼ਾਹਰਾਹ - 'ਤੇ ਅੰਦੋਲਨ ਕਰ ਰਹੇ ਸਨ।

Advertisement

ਪਰ ਬੁੱਧਵਾਰ ਸ਼ਾਮ ਪੰਜਾਬ ਪੁਲੀਸ ਬਹੁਤ ਹੀ ਗੁਪਤ ਤਰੀਕੇ ਨਾਲ ਕੀਤੀ ਗਈ ਅਚਨਚੇਤ ਕਾਰਵਾਈ ਤੋਂ ਬਾਅਦ, ਢਾਂਚਿਆਂ ਅਤੇ ਸ਼ੈੱਡਾਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਜੇਸੀਬੀ ਮਸ਼ੀਨਾਂ ਦੀ ਵਰਤੋਂ ਕਰ ਕੇ ਆਵਾਜਾਈ ਮੁੜ ਸ਼ੁਰੂ ਕਰਨ ਲਈ ਮਲਬੇ ਵਿੱਚ ਬਦਲ ਦਿੱਤਾ ਗਿਆ ਹੈ। ਹਾਲਾਂਕਿ, ਕੁਝ ਟਰਾਲੀਆਂ ਅਜੇ ਵੀ ਸੜਕ 'ਤੇ ਦਿਖਾਈ ਦੇ ਰਹੀਆਂ ਸਨ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਟਰਾਲੀਆਂ ਨੂੰ ਵਾਪਸ ਲਿਜਾਣ ਲਈ ਕਿਹਾ ਗਿਆ ਹੈ।

ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ ਕਿਸਾਨ ਆਗੂਆਂ ਨੂੰ ਬੁੱਧਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਪੰਜਾਬ ਪੁਲੀਸ ਨੇ ਸ਼ੰਭੂ ਅਤੇ ਖਨੌਰੀ ਸਰਹੱਦੀ ਮੋਰਚਿਆਂ ਤੋਂ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਖਦੇੜ ਦਿੱਤਾ।

ਸੜਕਾਂ ’ਤੇ ਰੁਲ ਰਿਹਾ ਅੰਦੋਲਨਕਾਰੀਆਂ ਦਾ ਜ਼ਰੂਰੀ ਸਾਮਾਨ

ਸ਼ੰਭੂ ਵਿੱਚ ਹਾਈਵੇਅ ਦਾ ਉਹ ਅਹਿਮ ਹਿੱਸਾ ਵੀਰਵਾਰ ਨੂੰ ਸੁੰਨਸਾਨ ਦਿਖਾਈ ਦਿੱਤਾ, ਜਿਥੇ ਪਿਛਲੇ ਇਕ ਸਾਲ ਤੋਂ ਅੰਦੋਲਨ ਦੀਆਂ ਲਹਿਰਾਂ-ਬਹਿਰਾਂ ਲੱਗੀਆਂ ਹੋਈਆਂ ਸਨ। ਉਥੇ ਅੱਜ ਭਾਂਡੇ, ਐਲਪੀਜੀ ਸਿਲੰਡਰ, ਚਾਹ ਦੀਆਂ ਕੇਤਲੀਆਂ, ਫ੍ਰੀਜ਼ਰ, ਵਾਸ਼ਿੰਗ ਮਸ਼ੀਨਾਂ, ਕੁਰਸੀਆਂ, ਮੇਜ਼, ਬਿਸਤਰੇ ਅਤੇ ਕੱਪੜੇ ਸੜਕ 'ਤੇ ਖਿੰਡੇ ਹੋਏ ਦਿਖਾਈ ਦਿੱਤੇ।

ਫੋਟੋਆਂ: ਰਾਜੇਸ਼ ਸੱਚਰ

ਮੁਜ਼ਾਹਰਾਕਾਰੀਆਂ ਦੁਆਰਾ ਰਸੋਈ ਵਜੋਂ ਵਰਤੇ ਗਏ ਢਾਂਚਿਆਂ ਵਿੱਚੋਂ ਇੱਕ 'ਤੇ ਸਬਜ਼ੀਆਂ, ਦਾਲ, ਦੁੱਧ ਅਤੇ ਹੋਰ ਜ਼ਰੂਰੀ ਚੀਜ਼ਾਂ ਪਈਆਂ ਦਿਖਾਈ ਦਿੱਤੀਆਂ। ਸ਼ੈੱਡ ਅਤੇ ਪਲੇਟਫਾਰਮ ਸਮੇਤ ਆਰਜ਼ੀ ਢਾਂਚੇ ਜੋ ਕਦੇ ਮੁਜ਼ਾਹਰਾਕਾਰੀ ਕਿਸਾਨਾਂ ਲਈ ਆਸਰੇ ਅਤੇ ਮੀਟਿੰਗ ਸਥਾਨ ਵਜੋਂ ਕੰਮ ਕਰਦੇ ਸਨ, ਨੂੰ ਢਾਹ ਦਿੱਤਾ ਗਿਆ ਹੈ। ਟਰਾਲੀਆਂ, ਜਿਨ੍ਹਾਂ ਨੂੰ ਆਰਜ਼ੀ ਆਸਰਾ ਟਿਕਾਣਿਆਂ ਵਿੱਚ ਬਦਲ ਦਿੱਤਾ ਗਿਆ ਸੀ, ਸੜਕ 'ਤੇ ਪਈਆਂ ਦਿਖਾਈ ਦਿੱਤੀਆਂ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਿਸਾਨ ਆਪਣਾ ਸਾਮਾਨ ਵਾਪਸ ਲੈ ਸਕਦੇ ਹਨ।

ਸ਼ਾਹਰਾਹ ’ਤੇ ਆਵਾਜਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ

ਇਸ ਦੌਰਾਨ, ਪੰਜਾਬ ਪੁਲੀਸ ਦੁਆਰਾ ਤਾਇਨਾਤ ਜੇਸੀਬੀ ਮਸ਼ੀਨਾਂ ਨੇ ਵੀਰਵਾਰ ਨੂੰ ਬਾਕੀ ਆਰਜ਼ੀ ਢਾਂਚੇ ਨੂੰ ਢਾਹ ਕੇ ਸੜਕ ਤੋਂ ਹਟਾਉਣ ਲਈ ਆਪਣਾ ਕੰਮ ਦੁਬਾਰਾ ਸ਼ੁਰੂ ਕੀਤਾ ਤਾਂ ਜੋ ਭੀੜ-ਭੜੱਕੇ ਵਾਲੇ ਸ਼ੰਭੂ-ਅੰਬਾਲਾ ਹਾਈਵੇਅ 'ਤੇ ਆਵਾਜਾਈ ਮੁੜ ਸ਼ੁਰੂ ਕੀਤੀ ਜਾ ਸਕੇ।

ਕਿਸਾਨ ਆਗੂਆਂ ਵੱਲੋਂ ਪੁਲੀਸ ਕਾਰਵਾਈ ਦੀ ਨਿਖੇਧੀ

ਬੁੱਧਵਾਰ ਨੂੰ, ਪੰਜਾਬ ਪੁਲੀਸ ਨੇ ਮੁਹਾਲੀ ਵਿੱਚ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਵੱਡੀ ਗਿਣਤੀ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਚੰਡੀਗੜ੍ਹ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੇ ਕੇਂਦਰੀ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਮੋਰਚਿਆਂ ਵੱਲ ਪਰਤ ਰਹੇ ਸਨ। ਕਿਸਾਨ ਆਗੂਆਂ ਨੇ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ।

ਵਿੱਤ ਮੰਤਰੀ ਨੇ ਕਾਰਵਾਈ ਨੂੰ ਵਾਜਬ ਕਰਾਰ ਦਿੱਤਾ

ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨੂੰ ਬੇਦਖਲ ਕੀਤੇ ਜਾਣ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਦੋ ਹਾਈਵੇਅ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਸਨਅਤਾਂ ਅਤੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ "ਰਾਜ ਦੀਆਂ ਜੀਵਨ ਰੇਖਾਵਾਂ" ਕਰਾਰ ਦਿੱਤਾ।

ਚੀਮਾ ਨੇ ਕਿਹਾ, "ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਇਹ ਕਾਰਵਾਈ ਸਾਰੀਆਂ ਸਥਿਤੀਆਂ 'ਤੇ ਵਿਚਾਰ ਕਰਨ ਤੋਂ ਬਾਅਦ ਕੀਤੀ ਗਈ ਹੈ। ਅਸੀਂ ਕਿਸਾਨ ਆਗੂਆਂ ਨੂੰ ਦੱਸ ਰਹੇ ਹਾਂ ਕਿ ਤੁਹਾਡੀ ਲੜਾਈ ਕੇਂਦਰ ਨਾਲ ਹੈ। ਅਸੀਂ ਤੁਹਾਡੇ ਨਾਲ ਹਾਂ। ਪਰ ਤੁਸੀਂ ਸਰਹੱਦ ਬੰਦ ਕਰਕੇ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹੋ।"

ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਸੀ ਅੰਦੋਲਨ

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਮੁਜ਼ਾਹਰਾਕਾਰੀ ਕਿਸਾਨ ਪਿਛਲੇ ਸਾਲ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਸ਼ੰਭੂ (ਸ਼ੰਭੂ-ਅੰਬਾਲਾ) ਅਤੇ ਖਨੌਰੀ (ਸੰਗਰੂਰ-ਜੀਂਦ) ਸਰਹੱਦੀ ਥਾਵਾਂ 'ਤੇ ਡੇਰਾ ਲਾ ਕੇ ਬੈਠੇ ਸਨ, ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕ ਦਿੱਤਾ ਸੀ। ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਦੇ ਸਮਰਥਨ ਵਿੱਚ ਅੰਦੋਲਨ ਕਰ ਰਹੇ ਸਨ, ਜਿਸ ਵਿੱਚ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸ਼ਾਮਲ ਹੈ। ਪੀਟੀਆਈ

Advertisement