ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News - Farmer Protest: ਸ਼ੰਭੂ ਬਾਰਡਰ ’ਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ; ਖਨੌਰੀ ਬਾਰਡਰ ’ਤੇ ਰਸਤਾ ਖੋਲ੍ਹਣ ਲਈ ਕੋਸ਼ਿਸ਼ਾਂ ਜਾਰੀ

Punjab News - Farmer Protest: One side of the National Highway opened at Shambhu and Khanauri Borders, vehicular traffic resumed
Advertisement

ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ

ਪਟਿਆਲਾ/ਪਾਤੜਾਂ, 20 ਮਾਰਚ

Advertisement

Punjab News - Farmer Protest: ਸ਼ੰਭੂ ਬਾਰਡਰ ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਣ ਵਾਲੀ ਆਵਾਜਾਈ ਅੱਜ ਸ਼ਾਮੀਂ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ ਜਦੋਂਕਿ ਖਨੌਰੀ ਬਾਰਡਰ ’ਤੇ ਰਸਤਾ ਖੋਲ੍ਹਣ ਲਈ ਕੋਸ਼ਿਸ਼ਾਂ ਜਾਰੀ ਹਨ।

ਹਰਿਆਣਾ ਪ੍ਰਸ਼ਾਸਨ ਵੱਲੋਂ ਘੱਗਰ ’ਤੇ ਲਾਈਆਂ ਗਈਆਂ ਜ਼ਬਰਦਸਤ ਰੋਕਾਂ ਹਟਾ ਕੇ ਇਸ ਦੋਹਰੀ ਸੜਕ ਵਿੱਚੋਂ ਇੱਕ ਪਾਸੇ ਦੀ ਆਵਾਜਾਈ ਤਾਂ ਸ਼ਾਮੀਂ ਪੌਣੇ ਪੰਜ ਵਜੇ ਬਹਾਲ ਕਰ ਦਿੱਤੀ ਗਈ ਸੀ ਜਦ ਕਿ ਦੂਜੇ ਪਾਸੇ/ਦੂਜੀ ਸੜਕ ਦੀ ਆਵਾਜਾਈ ਵੀ ਤਕਰੀਬਨ ਪੌਣੇ ਸੱਤ ਵਜੇ ਬਹਾਲ ਕਰ ਦਿੱਤੀ ਗਈ ਹੈ।

ਇਸ ਤਰ੍ਹਾਂ ਹੁਣ ਰਾਜਪੁਰਾ ਤੋਂ ਅੰਬਾਲਾ ਅਤੇ ਅੰਬਾਲਾ ਤੋਂ ਰਾਜਪੁਰਾ ਵੱਲ ਦੋਵਾਂ ਪਾਸਿਆਂ ਤੋਂ ਦੋਵਾਂ ਸੜਕਾਂ ’ਤੇ ਆਵਾਜਾਈ ਬਹਾਲ ਹੋ ਗਈ ਹੈ। ਇਸ ਰਸਤਿਓਂ ਬਾਕੀ ਸਾਰੇ ਵਾਹਨ ਤਾਂ ਲੰਘ ਰਹੇ ਹਨ, ਪਰ ਅਜੇ ਬੱਸਾਂ ਨਹੀਂ ਚੱਲ ਰਹੀਆਂ। ਬੱਸਾਂ ਦੇ ਇਸ ਰਸਤਿਓਂ 21 ਮਾਰਚ ਨੂੰ ਚੱਲਣ ਦੀ ਸੰਭਾਵਨਾ ਹੈ। ਚੇਤੇ ਰਹੇ ਕਿ ਪੁਲੀਸ ਨੇ ਬੁੱਧਵਾਰ ਸ਼ਾਮੀਂ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਰਾਤ ਵੇਲੇ ਬੁਲਡੋਜ਼ਰ ਐਕਸ਼ਨ ਤਹਿਤ ਕਿਸਾਨਾਂ ਵੱਲੋਂ ਬਣਾਏ ਮੋਰਚਿਆਂ ਨੂੰ ਢਾਹ ਕੇ ਦੋਵੇਂ ਬਾਰਡਰ ਖਾਲੀ ਕਰਵਾ ਲਏ ਸਨ।

ਦੋਵਾਂ ਸੂਬਿਆਂ - ਪੰਜਾਬ ਅਤੇ ਹਰਿਆਣਾ - ਵੱਲੋਂ ਅੱਜ ਸਵੇਰ ਤੋਂ ਹੀ ਆਪੋ-ਆਪਣੇ ਇਲਾਕੇ ਵਿਚੋਂ ਸੜਕ ਤੋਂ ਰੋਕਾਂ ਹਟਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਜਾਰੀ ਸੀ। ਪੁਲੀਸ ਨੇ ਸ਼ੰਭੂ ਬਾਰਡਰ ’ਤੇ ਪੰਜਾਬ ਵਾਲੇ ਪਾਸਿਉਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਲਾਂਭੇ ਕਰਕੇ ਕਰੀਬ 13 ਮਹੀਨੇ ਪਹਿਲਾਂ ਹਰਿਆਣਾ ਪੁਲੀਸ ਵੱਲੋਂ ਲਾਈਆਂ ਗਈਆਂ ਜ਼ਬਰਦਸਤ ਰੋਕਾਂ ਇਕ ਪਾਸੇ ਤੋਂ ਹਟਾਉਣ ਮਗਰੋਂ ਸੜਕ ਦਾ ਇੱਕ ਪਾਸਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਸੀ।

ਇਸ ਸਦਕਾ ਅੱਜ ਸ਼ਾਮੀਂ ਚਾਰ ਵਜੇ ਤੋਂ ਬਾਅਦ ਇੱਥੇ ਪਹਿਲਾਂ ਦੋ ਪਹੀਆ ਵਾਹਨਾਂ ਦੀ ਆਵਾਜਾਈ  ਚਾਲੂ ਕਰ ਦਿੱਤੀ ਗਈ ਅਤੇ ਬਾਅਦ ਵਿਚ ਚਾਰ ਪਹੀਆ ਵਾਹਨਾਂ ਦੀ ਆਮਦੋ-ਰਫ਼ਤ ਵੀ ਸ਼ੁਰੂ ਹੋ ਗਈ ਹੈ। ਸੜਕ ਦਾ ਦੂਜਾ ਪਾਸਾ ਸ਼ਾਮੀਂ ਸੱਤ ਵਜੇ ਦੇ ਕਰੀਬ ਖੋਲ੍ਹਣ ਨਾਲ ਸ਼ੰਭੂ ਬਾਰਡਰ ’ਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ।

ਇਸ ਦੌਰਾਨ ਨਾ ਸਿਰਫ ਕਾਰਾਂ, ਬਲਕਿ ਟਰੱਕ ਵੀ ਲੰਘਣ ਲੱਗੇ ਹਨ। ਇਸ ਕਾਰਵਾਈ ’ਤੇ ਖਾਸਕਰ ਇਲਾਕੇ ਦੇ ਲੋਕਾਂ ਨੇ ਬੇਹੱਦ ਖੁਸ਼ੀ ਜਾਹਿਰ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਵੀ ਕਿਸਾਨਾਂ ਦੇ ਹਮਦਰਦ ਹਨ, ਪਰ ਉਨ੍ਹਾਂ ਦਾ ਅੰਬਾਲਾ ਵਿਖੇ ਨਿੱਤ ਦਾ ਆਉਣਾ ਜਾਣਾ ਹੈ।

ਬੀਤੇ ਇਕ ਸਾਲ ਤੋਂ ਕਿਸਾਨ ਅੰਦੋਲਨ ਕਾਰਨ ਬਾਰਡਰ ਬੰਦ ਹੋਣ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਕਾਫੀ ਲੰਮਾ ਵਲ਼ ਪਾ ਕੇ ਆਉਣਾ-ਜਾਣਾ ਪੈਂਦਾ ਸੀ। ਇਸ ਨਾਲ ਟਾਈਮ ਵੀ ਵੱਧ ਜ਼ਾਇਆ ਹੁੰਦਾ ਸੀ ਤੇ ਤੇਲ ਵੀ ਵੱਧ ਲੱਗਦਾ ਸੀ। ਪਰ ਹੁਣ ਉਨ੍ਹਾਂ ਲਈ ਸਿੱਧਾ ਰਸਤਾ ਖੁੱਲ੍ਹ ਗਿਆ ਹੈ।

ਇਸ ਦੌਰਾਨ ਹਰਿਆਣਾ ਪੁਲੀਸ ਵੱਲੋਂ ਢਾਬੀ ਗੁੱਜਰਾਂ (ਖਨੌਰੀ) ਬਾਰਡਰ 'ਤੇ ਵੀ ਕਿਸਾਨਾਂ ਦੀ ਪੇਸ਼ਕਦਮੀ ਰੋਕਣ ਲਈ ਲਗਾਏ ਗਏ ਕੰਕਰੀਟ ਦੇ ਬੈਰੀਕੇਟ ਬੁਲਡੋਜ਼ਰ ਰਾਹੀਂ ਹਟਾ ਕੇ ਦਿੱਲੀ-ਸੰਗਰੂਰ ਕੌਮੀ ਸ਼ਾਹਰਾਹ ਖੋਲ੍ਹਣ ਲਈ ਕੋਸ਼ਿਸ਼ਾਂ ਜਾਰੀ ਹਨ।

ਹਰਿਆਣਾ-ਪੰਜਾਬ ਸਰਹੱਦ ’ਤੇ ਲਾਏ ਬੈਰੀਕੇਡ ਤੋੜਨ ਦੀਆਂ ਜਾਰੀ ਕੋਸ਼ਿਸ਼ਾਂ।

ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਸਨ ਤੇ ਕੱਲ੍ਹ ਦੇਰ ਰਾਤ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਧਰਨਾ ਸਥਾਨ ਤੋਂ ਹਟਾ ਦਿੱਤਾ ਸੀ। ਅੱਜ ਸਵੇਰੇ ਤੋਂ ਹੀ ਹਰਿਆਣਾ ਪੁਲੀਸ ਨੇ ਬਾਰਡਰ 'ਤੇ ਲਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਕੇ ਮੁੱਖ ਮਾਰਗ 'ਤੇ ਆਵਾਜਾਈ ਚਲਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਸਨ।

Advertisement