Punjab News: ਸੜਕ ਹਾਦਸੇ ’ਚ ਜ਼ਖ਼ਮੀ ਹੋਏ ਕਿਸਾਨ ਦੀ ਇਲਾਜ ਦੌਰਾਨ ਮੌਤ
ਢਾਬੀ ਗੁਜਰਾਂ ਮੋਰਚੇ ਵਿੱਚੋਂ ਆਪਣੀਆਂ ਕਿਡਨੀਆਂ ਦੇ ਇਲਾਜ ਲਈ ਪੀਜੀਆਈ ਜਾ ਰਿਹਾ ਸੀ ਕਿਸਾਨ ਚਰਨਜੀਤ ਸਿੰਘ ਕਾਲਾ; ਮੋਟਰਸਾਈਕਲ ਮੂਹਰੇ ਆਵਾਰਾ ਪਸ਼ੂ ਆਉਣ ਕਾਰਨ ਵਾਪਰਿਆ ਸੀ ਹਾਦਸਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਫਰਵਰੀ
Punjab News - Road Accident: ਪਿਛਲੇ ਦਿਨੀਂ ਢਾਬੀ ਗੁਜਰਾਂ ਮੋਰਚੇ ਵਿੱਚੋਂ ਆਪਣੀਆਂ ਕਿਡਨੀਆਂ ਸਬੰਧੀ ਚਲਦੇ ਇਲਾਜ ਲਈ ਪੀਜੀਆਈ ਜਾਣ ਮੌਕੇ ਆਵਾਰਾ ਪਸ਼ੂ ਨਾਲ ਵਾਪਰੇ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਕਿਸਾਨ ਦੀ ਬੁੱਧਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਚਰਨਜੀਤ ਸਿੰਘ ਕਾਲਾ (48 ਸਾਲ) ਨਾਮੀ ਇਹ ਕਿਸਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਡਵਾਲਾ (ਤਹਿਸੀਲ ਬਸੀਪਠਾਣਾਂ) ਦਾ ਰਹਿਣ ਵਾਲਾ ਸੀ।
ਉਹ 19 ਸਾਲ ਦੇ ਪੁੱਤਰ ਅਤੇ 21 ਸਾਲ ਦੀ ਧੀ ਦਾ ਪਿਤਾ ਸੀ। ਕਿਸਾਨ ਆਗੂਆਂ ਦੇ ਦੱਸਣ ਅਨੁਸਾਰ ਉਸ ਦੇ ਗੁਰਦਿਆਂ ਵਿੱਚ ਨੁਕਸ ਹੋਣ ਕਾਰਨ ਉਸ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚਲਦਾ ਸੀ, ਜਿਸ ਤਹਿਤ ਹੀ ਉਹ ਮੋਟਰਸਾਈਕਲ 'ਤੇ ਢਾਬੀ ਗੁਜਰਾਂ ਬਾਰਡਰ ਤੋਂ ਪੀਜੀਆਈ ਚੰਡੀਗੜ੍ਹ ਜਾ ਰਿਹਾ ਸੀ।
ਇਸ ਦੌਰਾਨ ਹੀ ਰਸਤੇ ਵਿੱਚ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ।
ਗੰਭੀਰ ਹਾਲਤ ਨੂੰ ਦੇਖਦੇ ਉਥੋਂ ਉਸਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਸੀ। ਪਰ ਪੀਜੀਆਈ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਢਾਬੀ ਗੁਜਰਾਂ ਬਾਰਡਰ ਤੋਂ ਲਖਵਿੰਦਰ ਸਿੰਘ ਔਲਕ ਨੇ ਦੱਸਿਆ ਕਿ ਕਿਸਾਨ ਮੋਰਚੇ ਵਿੱਚ ਕਿਸਾਨ ਯੂਨੀਅਨ ਸਿੱਧੂਪੁਰ ਨਾਲ਼ ਸਬੰਧਤ ਇਹ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਕਮਰੇ ਮੂਹਰੇ ਪਹਿਰਾ ਦਿੰਦਾ ਆ ਰਿਹਾ ਸੀ।