ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਾਣਾ ਮੰਡੀ ਲਈ ਐਕੁਆਇਰ ਕੀਤੀ ਜ਼ਮੀਨ ਦਾ ਕਿਸਾਨਾਂ ਨੇ ਮੁੜ ਕਬਜ਼ਾ ਲਿਆ

ਸ਼ਿਕਾਇਤ ਮਿਲਣ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਡੀਐੱਸਪੀ
ਐਕੁਆਇਰ ਕੀਤੀ ਜ਼ਮੀਨ ਵਾਹੁੰਦੇ ਹੋਏ ਕਿਸਾਨ।
Advertisement
ਪੰਜਾਬ ਸਰਕਾਰ ਵੱਲੋਂ ਨਵੀਂ ਦਾਣਾ ਮੰਡੀ ਕਸਬੇ ਵਿੱਚੋਂ ਬਾਹਰ ਬਣਾਉਣ ਲਈ ਪਿੰਡ ਕੋਟਲੀ ਗਾਜਰਾਂ ਦੇ 33 ਕਿਸਾਨਾਂ ਦੀ ਐਕੁਆਇਰ ਕੀਤੀ 30 ਏਕੜ ਚਾਰ ਕਨਾਲ 12 ਮਰਲੇ ਜ਼ਮੀਨ ’ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਵਿੱਚ ਕਿਸਾਨਾਂ ਨੇ ਮੁੜ ਕਬਜ਼ਾ ਕਰ ਲਿਆ।

ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਭਾਰੀ ਪੁਲੀਸ ਫੋਰਸ ਨਾਲ ਐਕੁਆਇਰ ਇਸ ਜ਼ਮੀਨ ਦਾ ਕਬਜ਼ਾ ਲੈਣ ਮਗਰੋਂ ਕੰਡਿਆਲੀ ਤਾਰ ਲਾ ਕੇ ਮੰਡੀ ਬੋਰਡ ਦੀ ਜ਼ਮੀਨ ਦੇ ਬੋਰਡ ਵੀ ਲਗਾ ਦਿੱਤੇ ਸਨ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੈਂਕੜੇ ਵਰਕਰ ਟਰੈਕਟਰ, ਹਲ, ਝੰਡੇ ਅਤੇ ਕਿਸਾਨੀ ਨਾਲ ਸਬੰਧਿਤ ਹੋਰ ਸਾਮਾਨ ਲੈ ਕੇ ਐਕੁਆਇਰ ਕੀਤੀ ਜ਼ਮੀਨ ’ਤੇ ਪੁੱਜੇ।

Advertisement

ਕਿਸਾਨਾਂ ਨੇ ਖੇਤਾਂ ਵਿੱਚ ਹਲ ਚਲਾ ਕੇ ਮੰਡੀ ਬੋਰਡ ਵੱਲੋਂ ਲਗਾਈ ਕੰਡਿਆਲੀ ਤਾਰ ਤੇ ਬੋਰਡ ਪੁੱਟ ਦਿੱਤੇ। ਇਸੇ ਦੌਰਾਨ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸਾਨਾਂ ਦੇ ਰਿਹਾਇਸ਼ੀ ਘਰਾਂ ਨੂੰ ਜਾਂਦੀ ਸੜਕ ’ਤੇ ਧਰਨਾ ਲਗਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਜਲੰਧਰ ਦੇ ਇੰਚਾਰਜ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਪਿਛਲੇ ਹਫ਼ਤੇ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਸ਼ਾਹਕੋਟ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਦੇ ਸੂਬਾਈ ਆਗੂਆਂ ਸਣੇ ਜ਼ਿਲ੍ਹਾ, ਬਲਾਕ ਤੇ ਪਿੰਡ ਇਕਾਈਆਂ ਦੇ ਆਗੂਆਂ ਨੂੰ ਘਰਾਂ ਅੰਦਰ ਨਜ਼ਰਬੰਦ ਕਰਕੇ ਕਈਆਂ ਨੂੰ ਥਾਣਿਆਂ ਅੰਦਰ ਡੱਕ ਕੇ ਭਾਰੀ ਪੁਲੀਸ ਫੋਰਸ ਨਾਲ ਬੜੀ ਚਲਾਕੀ ਨਾਲ ਕਿਸਾਨਾਂ ਦੀ ਜ਼ਮੀਨ ’ਤੇ ਮੁਆਵਜ਼ਾ ਦਿੱਤੇ ਬਿਨਾਂ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਜ਼ਮੀਨ ਦੀ ਕੀਮਤ 28 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਦੀ ਕੀਮਤ ਦੇ ਰਹੀ ਹੈ, ਜਦੋਂ ਕਿ ਇੱਥੇ ਜ਼ਮੀਨ ਦੀ ਕੀਮਤ ਇੱਕ ਕਰੋੜ ਤੋਂ ਵੀ ਉੱਪਰ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਸਥਾਨਿਕ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਨਾਲ ਨਹੀਂ ਹੋਣਾ, ਇਸ ਦਾ ਹੱਲ ਸਰਕਾਰ ਪੱਧਰ ਦੀ ਮੀਟਿੰਗ ਵਿੱਚ ਹੀ ਨਿਕਲੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਬਚਾਉਣ ਲਈ ਲਗਾਇਆ ਧਰਨਾ ਨਿਰੰਤਰ ਜਾਰੀ ਰਹੇਗਾ।

ਮਾਰਕਿਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਅਜੇ ਕੋਈ ਸ਼ਿਕਾਇਤ ਨਹੀ ਆਈ। ਸ਼ਿਕਾਇਤ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Tags :
Punjabi tribune latestPunjabi Tribune NewsPunjabi tribune news update