Farmers Protest: ਏਕਤਾ ਸਰਗਰਮੀਆਂ ਤਹਿਤ ਦੋਵਾਂ ਫੋਰਮਾਂ ਵਲੋਂ SKM ਨੂੰ 27 ਨੂੰ ਮੀਟਿੰਗ ਲਈ ਸੱਦਾ
ਦੋਵੇਂ ਜਥੇਬੰਦੀਆਂ ਵੱਲੋਂ 21 ਨੂੰ ਸ਼ਹੀਦ ਸ਼ੁਭਕਰਨ ਸਿੰਘ ਦੀ ਬਰਸੀ ਮੌਕੇ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦਾ ਸੱਦਾ; ਪੰਧੇਰ ਨੇ ਸ਼ੰਭੂ ਬਾਰਡਰ ’ਤੇ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ ਜਾਣਕਾਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਫਰਵਰੀ
Farmers Protest: ਕਿਸਾਨ ਏਕਤਾ ਲਈ ਜਾਰੀ ਸਰਗਰਮੀਆਂ ਦੀ ਕੜੀ ਵਜੋਂ ਐਤਕੀਂ ਸ਼ੰਭੂ ਅਤੇ ਢਾਬੀ ਗੁਜਰਾਂ (ਖਨੌਰੀ) ਬਾਰਡਰਾਂ ਉਤੇ ਸੰਘਰਸ਼ ਦੀ ਅਗਵਾਈ ਕਰ ਰਹੀਆਂ ਦੋਵੇਂ ਫੋਰਮਾਂ ਸੰਯੁਕਤ ਕਿਸਾਨ ਮੋਰਚਾ SKM (ਗੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਖੁਦ ਇਸ ਵਾਰ ਅੱਗੇ ਵਧਦਿਆਂ ਐਸਕੇਐਮ ਨੂੰ ਏਕਤਾ ਲਈ ਪੱਤਰ ਲਿਖਿਆ ਹੈ।
ਇਸ ਪੱਤਰ ਵਿਚ ਦੋਵੇਂ ਜਥੇਬੰਦੀਆਂ ਨੇ ਆਗਾਮੀ 27 ਫਰਵਰੀ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਅੱਜ ਸ਼ੰਭੂ ਬਾਰਡਰ 'ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਤੀ।
ਉਨ੍ਹਾਂ ਦਸਿਆ ਕਿ ਇਹ ਸੱਦਾ ਪੱਤਰ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਦੋਨਾਂ ਫੋਰਮਾਂ ਦੀ ਤਰਫੋਂ ਹੈ। ਹੁਣ ਏਕਤਾ ਨੂੰ ਸਿਰੇ ਚਾੜ੍ਹਨ ਲਈ ਉਹ SKM ਨੂੰ ਸੱਦਾ ਪੱਤਰ ਭੇਜ ਰਹੇ ਹਨ ਤੇ ਇਸ ਆਸ ਨਾਲ ਮੀਟਿੰਗ ਵਿੱਚ ਸ਼ਾਮਲ ਹੋਣਗੇ ਕਿ ਇਹ ਏਕਤਾ ਨੇਪਰੇ ਚੜ੍ਹੇਗੀ।
ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਇਸ ਦੌਰਾਨ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਕੋਈ ਤਾਰੀਖ਼ ਆ ਜਾਂਦੀ ਹੈ ਤਾਂ ਮੀਟਿੰਗ ਦੀ 27 ਫਰਵਰੀ ਦੀ ਤਰੀਕ ਆਪਸੀ ਸਹਿਮਤੀ ਨਾਲ ਬਦਲੀ ਵੀ ਜਾ ਬਕਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ 21 ਫਰਵਰੀ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੀ ਬਰਸੀ 'ਤੇ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦਾ ਸੱਦਾ ਵੀ ਦਿੱਤਾ।
ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇ ਲੋਕ 22 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦਾ ਚੰਗਾ ਨਤੀਜੇ ਚਾਹੁੰਦੇ ਹਨ, ਤਾਂ ਬਾਰਡਰਾਂ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ।
ਇਸ ਮੌਕੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ, ਬਲਕਾਰ ਸਿੰਘ ਬੈਂਸ, ਜੰਗ ਸਿੰਘ ਭਟੇੜੀ, ਸੁਖਚੈਨ ਸਿੰਘ ਅੰਬਾਲਾ, ਸੁਰਿੰਦਰਪਾਲ ਸਿੰਘ ਮੋਹਲੋਵਾਲੀ, ਮਲਕੀਤ ਸਿੰਘ ਗੁਲਾਮੀ ਵਾਲਾ, ਜਗਰਾਜ ਸਿੰਘ ਦੱਦਾਹੂਰ, ਬਲਵਿੰਦਰ ਸਿੰਘ ਸਾਹਬੀ ਆਦਿ ਕਿਸਾਨ ਵੀ ਹਾਜ਼ਰ ਸਨ।