ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Farmer Protest: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ 15 ਦਿਨਾਂ ਲਈ ਸਾਰੇ ਅੰਦੋਲਨ ਮੁਲਤਵੀ

Farmer Protest: SKM (Non-Political) suspends all farmer agitations for 15 days
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ।
Advertisement

ਮੋਰਚੇ ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੇਸ਼ ਦੀ ਸੁਰੱਖਿਆ ਦੇ ਹਵਾਲੇ ਨਾਲ ਕੀਤਾ ਐਲਾਨ

ਜੋਗਿੰਦਰ ਸਿੰਘ ਮਾਨ

Advertisement

ਮਾਨਸਾ, 9 ਮਈ

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਦੇਸ਼ ਵਿੱਚ ਚੱਲ ਰਹੇ ਤਣਾਅ ਤੇ ਸੁਰੱਖਿਆ ਹਾਲਾਤ ਨੂੰ ਮੁੱਖ ਰੱਖਦਿਆਂ ਅਗਲੇ 15 ਦਿਨਾਂ ਦੌਰਾਨ ਕੀਤੇ ਜਾਣ ਵਾਲੇ ਸਾਰੇ ਅੰਦੋਲਨਾਂ ਨੂੰ ਮੁਤਲਵੀ ਕਰ ਦਿੱਤਾ ਗਿਆ ਹੈ। ਮੋਰਚੇ ਦਾ ਕਹਿਣਾ ਹੈ ਕਿ ਇਸ ਤਣਾਅ ਭਰੇ ਮਾਹੌਲ ਵਿੱਚ ਮੁਲਕ ਦਾ ਅੰਦੋਲਨਕਾਰੀ ਕਿਸਾਨ ਆਪਣੇ ਦੇਸ਼ ਦੇ ਜਵਾਨਾਂ ਨਾਲ ਡੱਟ ਕੇ ਖੜ੍ਹਾ ਹੈ।

ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal), ਜੋ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਪ੍ਰਮੁੱਖ ਆਗੂ ਹਨ, ਨੇ ਦੱਸਿਆ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਦੇਸ਼ ਦੀ ਫੌਜ ਅਤੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਇੰਨ-ਬਿੰਨ ਪਾਲਣਾ ਕਰਨ ਅਤੇ ਸੋਸ਼ਲ ਮੀਡੀਆ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ।

ਉਨ੍ਹਾਂ ਕਿਹਾ ਕਿ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਮੁੱਢਲਾ ਫ਼ਰਜ਼ ਹੈ ਕਿ ਕਿਸੇ ਵੀ ਗ਼ਲਤ ਜਾਣਕਾਰੀ ਨੂੰ ਸਾਂਝਾ ਨਾ ਕੀਤਾ ਜਾਵੇ, ਜਿਸ ਨਾਲ ਮੁਲਕ ਦੀ ਸੁਰੱਖਿਆ ਜਾਂ ਫੌਜ ਨੂੰ ਕਿਸੇ ਖ਼ਤਰੇ ਦਾ ਸਾਹਮਣਾ ਕਰਨਾ ਪਵੇ।

ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਆਗਾਹ ਕਰਦਿਆਂ ਕਿਹਾ ਕਿ ਭਾਵੇਂ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਵਿੱਚ ਕਿਸਾਨਾਂ ਵੱਲੋਂ ਆਪਣੇ ਪ੍ਰੋਗਰਾਮਾਂ ਨੂੰ ਪੰਦਰਾਂ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਪਰ ਪੰਜਾਬ ਸਰਕਾਰ ਵੀ ਇਸ ਸਮੇਂ ਸੂਬੇ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਅਜਿਹਾ ਕੋਈ ਫੈਸਲਾ ਨਾ ਲਵੇ, ਜਿਸ ਕਾਰਨ ਲੋਕਾਂ ਨੂੰ ਮਜਬੂਰਨ ਸੜਕਾਂ ’ਤੇ ਉਤਰਨਾ ਪਵੇ।

ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੇ ਮੋਰਚੇ ਨੂੰ ਜ਼ਬਰਦਸਤੀ ਉਖਾੜਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਇਨਸਾਫ ਦੇਣ ਦੀ ਥਾਂ ਜ਼ਲੀਲ ਕੀਤਾ ਜਾ ਰਿਹਾ ਹੈ।

ਇਸ ਮੌਕੇ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਬੇਸ਼ੱਕ ਜਥੇਬੰਦੀ ਨੇ ਦੇਸ਼ ਹਿੱਤਾਂ ਲਈ 15 ਦਿਨਾਂ ਵਾਸਤੇ ਅੰਦੋਲਨ ਨੂੰ ਮੁਲਤਵੀ ਕੀਤਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਸਰਕਾਰ ਤੋਂ ਕਿਸਾਨ ਡਰ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਿਲਾਫ਼ ਅੰਦੋਲਨ ਪਹਿਲਾਂ ਨਾਲੋਂ ਵੀ ਤਕੜੇ ਹੋ ਕੇ ਲੜਿਆ ਜਾਵੇਗਾ।

 

Advertisement