ਸਰਕਾਰ ਕਬਾਇਲੀ ਖੇਤਰਾਂ ਦੇ ਨਾਗਰਿਕਾਂ ਦੇ ਵਿਕਾਸ ਲਈ ਵਚਨਬੱਧ: ਮੋਦੀ
ਨਵੀਂ ਦਿੱਲੀ, 8 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਕਬਾਇਲੀ ਖੇਤਰਾਂ ਵਿਚ ਰਹਿ ਰਹੇ ਨਾਗਰਿਕਾਂ ਦੇ ਵਿਕਾਸ ਲਈ ਵਚਨਬੱਧ ਹੈ। ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਲਾਭਪਾਤਰੀਆਂ ਨਾਲ ਗੱਲ ਕਰਦਿਆਂ ਮੋਦੀ ਨੇ ਅੱਜ ਛੱਤੀਸਗੜ੍ਹ ਦੀ ਇਕ ਕਬਾਇਲੀ ਮਹਿਲਾ ਦੀ ਸ਼ਲਾਘਾ ਕੀਤੀ ਜਿਸ ਨੂੰ ਸਰਕਾਰੀ ਸਕੀਮਾਂ ਬਾਰੇ ਕਾਫ਼ੀ ਜਾਣਕਾਰੀ ਹੈ। ਪ੍ਰਧਾਨ ਮੰਤਰੀ ਨੇ ਲਾਭਪਾਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਸੰਵਾਦ ਰਚਾਇਆ ਤੇ ਇਸ ਮੌਕੇ ਕਈ ਕੇਂਦਰੀ ਮੰਤਰੀ, ਸੰਸਦ ਮੈਂਬਰ, ਵਿਧਾਇਕ ਤੇ ਸਥਾਨਕ ਪੱਧਰ ਦੇ ਨੁਮਾਇੰਦੇ ਮੌਜੂਦ ਸਨ। ਛੱਤੀਸਗੜ੍ਹ ਦੇ ਕਾਂਕੇਰ ਨਾਲ ਸਬੰਧਤ ਭੂਮਿਕਾ ਭੁਆਰਿਆ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਨੇ ਆਪਣੇ ਪਿੰਡ ਵਿਚ ‘ਵਣ ਧਨ’ ਗਰੁੱਪ ਦੇ ਸਕੱਤਰ ਵਜੋਂ ਕੰਮ ਕੀਤਾ ਹੈ ਤੇ ਕਈ ਸਰਕਾਰੀ ਸਕੀਮਾਂ ਦਾ ਲਾਭ ਲਿਆ ਹੈ। ਇਨ੍ਹਾਂ ਵਿਚ ਉੱਜਵਲਾ, ਜਲ ਜੀਵਨ, ਮਨਰੇਗਾ ਕਾਰਡ, ਰਾਸ਼ਨ ਕਾਰਡ ਤੇ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮਾਂ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਲੋਕਾਂ ਕੋਲੋਂ ਸਮੇਂ ਸਿਰ ਰਾਸ਼ਨ ਮਿਲਣ ਬਾਰੇ ਵੀ ਜਾਣਕਾਰੀ ਲਈ। ਮੋਦੀ ਨੇ ਇਸ ਮੌਕੇ ‘ਪੀਐਮ ਜਨ ਮਨ ਯੋਜਨਾ’ ਬਾਰੇ ਵੀ ਗੱਲ ਕੀਤੀ। ਉਨ੍ਹਾਂ ਇਸ ਮੌਕੇ ਆਂਧਰਾ ਪ੍ਰਦੇਸ਼ ਦੇ 102 ਸਾਲ ਪੁਰਾਣੇ ਸਹਿਕਾਰੀ ਗਰੁੱਪ ਦੇ ਇਕ ਮੈਂਬਰ ਨਾਲ ਵੀ ਗੱਲ ਕੀਤੀ। -ਪੀਟੀਆਈ
ਗੁਰਦਾਸਪੁਰ ਦੇ ਗੁਰਵਿੰਦਰ ਬਾਜਵਾ ਨੇ ਵੀ ਮੋਦੀ ਨਾਲ ਕੀਤਾ ਸੰਵਾਦ
ਪ੍ਰੋਗਰਾਮ ਦੌਰਾਨ ਗੁਰਦਾਸਪੁਰ ਦੇ ਗੁਰਵਿੰਦਰ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ‘ਵਿਕਸਿਤ ਭਾਰਤ’ ਦੇ ਸਫਰ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਸਾਨਾਂ ਦਾ ਛੋਟੇ ਸਮੂਹਾਂ ਵਿਚ ਸੰਗਠਿਤ ਹੋਣਾ ਹੈ ਤਾਂ ਕਿ ਖੇਤੀਬਾੜੀ ਖੇਤਰ ਵਿਚ ਸਭ ਤੋਂ ਵਧੀਆ ਉਪਜ ਲਈ ਜਾ ਸਕੇ। ਬਾਜਵਾ ਨੇ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਦਾ ਕਿਸਾਨਾਂ ਦਾ ਗਰੁੱਪ ‘ਜ਼ਹਿਰ-ਮੁਕਤ’ ਖੇਤੀਬਾੜੀ ਉਤੇ ਕੰਮ ਕਰ ਰਿਹਾ ਹੈ ਤੇ ਇਸ ਲਈ ਉਨ੍ਹਾਂ ਨੂੰ ਮਸ਼ੀਨਰੀ ਲਈ ਸਬਸਿਡੀ ਮਿਲੀ ਹੈ। ਇਸ ਨਾਲ ਛੋਟੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਿਚ ਮਦਦ ਮਿਲੀ ਹੈ।