ਜੰਮੂ ਤੋਂ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਇੱਕ ਹੋਰ ਜਥਾ ਰਵਾਨਾ
ਸੋਮਵਾਰ ਨੂੰ ਜੰਮੂ ਤੋਂ 3,700 ਤੋਂ ਵੱਧ ਸ਼ਰਧਾਲੂਆਂ ਦਾ ਜਥਾ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਥੇ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਕੀਤਾ ਗਿਆ ਹੈ। 3 ਜੁਲਾਈ ਤੋਂ ਸ਼ੁਰੂ ਹੋਈ ਇਸ ਯਾਤਰਾ ਵਿੱਚ ਹੁਣ ਤੱਕ 3 ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉਚਾਈ ’ਤੇ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ। ਸੋਮਵਾਰ ਨੂੰ ਰਵਾਨਾ ਕੀਤੇ ਗਏ ਇਸ ਜਥੇ ਵਿੱਚ ਕੁੱਲ 3,791 ਸ਼ਰਧਾਲੂ ਸ਼ਾਮਿਲ ਹਨ, ਜਿਨ੍ਹਾਂ ਵਿੱਚ 3,067 ਪੁਰਸ਼, 522 ਔਰਤਾਂ, ਨੌ ਬੱਚੇ, 192 ਸਾਧੂ-ਸਾਧਵੀਆਂ ਅਤੇ ਇੱਕ ਕਿੰਨਰ ਸ਼ਾਮਿਲ ਹਨ। ਅੰਕੜਿਆਂ ਅਨੁਸਾਰ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ ਘਟਦੀ ਜਾ ਰਹੀ ਹੈ। ਲੰਘੇ ਤਿੰਨ ਦਿਨਾਂ ’ਚ ਅੱਜ 21 ਜੁਲਾਈ ਨੂੰ ਸਭ ਤੋਂ ਘੱਟ ਸ਼ਰਧਾਲੂ ਅਮਰਨਾਥ ਯਾਤਰਾ ਲਈ ਰਵਾਨਾ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਹੁਣ ਤੱਕ ਚਾਰ ਲੱਖ ਤੋਂ ਵੱਧ ਸ਼ਰਧਾਲੂ ਯਾਤਰਾ ’ਤੇ ਜਾਣ ਲਈ ਆਪਣਾ ਨਾਂ ਰਜਿਸਟਰਡ ਕਰਾ ਚੁੱਕੇ ਹਨ। ਜਦੋਂ ਕਿ ਪਿਛਲੇ ਵਰ੍ਹੇ ਇਹ ਗਿਣਤੀ 5.10 ਲੱਖ ਸੀ। 38 ਦਿਨਾਂ ਦੀ ਇਹ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ।