ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਆਪ’ ਨੂੰ ਦਿੱਲੀ ਵਿਚ ਨਵੇਂ ਦਫ਼ਤਰ ਲਈ ਬੰਗਲਾ ਮਿਲਿਆ

ਰਵੀ ਸ਼ੰਕਰ ਸ਼ੁਕਲਾ ਲੇਨ ਵਿਚ ਬੰਗਲਾ ਨੰ. 1 ਅਲਾਟ; ਪੰਜਾਬ ਭਵਨ ਨੇੜੇ ਹੋਣ ਕਰਕੇ ‘ਆਪ’ ਆਗੂਆਂ ਤੇ ਹੋਰ ਅਹੁਦੇਦਾਰਾਂ ਨੂੰ ਰਹੇਗੀ ਸੌਖ
ਨਵੀਂ ਦਿੱਲੀ ਵਿੱਚ ‘ਆਪ’ ਦੇ ਨਵੇਂ ਦਫ਼ਤਰ ਲਈ ਰਵੀ ਸ਼ੰਕਰ ਸ਼ੁਕਲਾ ਲੇਨ ’ਚ ਅਲਾਟ ਹੋਇਆ ਬੰਗਲਾ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਜੁਲਾਈ

Advertisement

ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੂੰ ਲੁਟੀਅਨਜ਼ ਦਿੱਲੀ ਖੇਤਰ ’ਚ ਨਵਾਂ ਦਫ਼ਤਰ ਅਲਾਟ ਕੀਤਾ ਗਿਆ ਹੈ। ਪਾਰਟੀ ਦਾ ਨਵਾਂ ਦਫ਼ਤਰ ਪੰਡਿਤ ਰਵੀ ਸ਼ੰਕਰ ਸ਼ੁਕਲਾ ਲੇਨ ਵਿਚ ਬੰਗਲਾ ਨੰਬਰ 1 ਹੈ। ‘ਆਪ’ ਦਾ ਦਫ਼ਤਰ ਪਹਿਲਾਂ ਰਾਊਜ਼ ਐਵੇਨਿਊ ਵਿਖੇ ਸਥਿਤ ਸੀ। ਸੂਤਰਾਂ ਨੇ ਦੱਸਿਆ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਾਰਟੀ ਨੂੰ ਪੰਡਿਤ ਰਵੀ ਸ਼ੰਕਰ ਸ਼ੁਕਲਾ ਲੇਨ ਵਿੱਚ ਇੱਕ ਨਵਾਂ ਦਫਤਰ ਅਲਾਟ ਕੀਤਾ ਗਿਆ ਹੈ।

ਦਿੱਲੀ ਹਾਈ ਕੋਰਟ ਨੇ ‘ਆਪ’ ਨੂੰ ਕੌਮੀ ਪਾਰਟੀ ਹੋਣ ਦੇ ਨਾਤੇ ਦਫਤਰ ਦੀ ਜਗ੍ਹਾ ਦੀ ਵੰਡ ’ਤੇ ਫੈਸਲਾ ਕਰਨ ਲਈ ਕੇਂਦਰ ਨੂੰ ਵੀਰਵਾਰ ਤੱਕ ਦਾ ਸਮਾਂ ਦਿੱਤਾ ਸੀ। ਉਸੇ ਤਹਿਤ ਅੱਜ ਇਹ ਅਲਾਟਮੈਂਟ ਕੀਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ ਤੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵੀ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਇਸੇ ਦੌਰਾਨ ਇਹ ਚੰਗੀ ਖ਼ਬਰ ਆਮ ਆਦਮੀ ਪਾਰਟੀ ਨੂੰ ਮਿਲੀ ਹੈ। ਇਹ ਨਵਾਂ ਟਿਕਾਣਾ ਦਿੱਲੀ ਸਥਿਤ ਪੰਜਾਬ ਭਵਨ ਦੇ ਨੇੜੇ ਹੋਣ ਕਰਕੇ ਪੰਜਾਬ ਤੋਂ ‘ਆਪ’ ਦੇ ਸੰਸਦ ਮੈਂਬਰਾਂ, ਪਾਰਟੀ ਅਹੁਦੇਦਾਰਾਂ ਤੇ ਪੰਜਾਬ ਤੋਂ ਆ ਕੇ ਪੰਜਾਬ ਭਵਨ ਵਿੱਚ ਰੁਕਣ ਵਾਲੇ ਵਿਧਾਇਕਾਂ ਨੂੰ ਸੌਖ ਹੋਵੇਗੀ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਆਮ ਆਦਮੀ ਪਾਰਟੀ ਨੂੰ ਇਸ ਦੇ ਕੌਮੀ ਪਾਰਟੀ ਦਫਤਰ ਵਜੋਂ ਕੇਂਦਰੀ ਦਿੱਲੀ ਵਿੱਚ ਉਪਲਬਧ ਦੂਜੇ ਸਭ ਤੋਂ ਵੱਡੇ ਆਕਾਰ ਦਾ ਇਹ ਟਾਈਪ-VII ਬੰਗਲਾ ਅਲਾਟ ਕੀਤਾ ਹੈ।

ਦਿੱਲੀ ਦੇ ਮੰਤਰੀ ਅਤੇ ‘ਆਪ’ ਆਗੂ ਸੌਰਭ ਭਾਰਦਵਾਜ ਨੇ ਕਿਹਾ, ‘‘ਆਪ’ ਨੂੰ ਇਸ ਦੇ ਦਫਤਰ ਤੋਂ ਬਾਹਰ ਕਰਨ ਅਤੇ ਸੜਕਾਂ ’ਤੇ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਹ ਮੰਦਭਾਗਾ ਹੈ ਕਿ ਸਾਨੂੰ ਇਸ ਲਈ ਅਦਾਲਤ ਤੱਕ ਪਹੁੰਚ ਕਰਨੀ ਪਈ ਹੈ।’’ ਕਾਬਿਲੇਗੌਰ ਹੈ ਕਿ ਦਿੱਲੀ ਹਾਈ ਕੋਰਟ ਨੇ ਜੂਨ ਵਿਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਦਫ਼ਤਰ ਦੇ ਨਿਰਮਾਣ ਲਈ ਸਥਾਈ ਜ਼ਮੀਨ ਅਲਾਟ ਹੋਣ ਤੱਕ ਸਾਂਝੇ ਪੂਲ ਤੋਂ ਹਾਊਸਿੰਗ ਯੂਨਿਟ ਦੀ ਵਰਤੋਂ ਕਰਨ ਦਾ ਅਧਿਕਾਰ ਹੈ।

Advertisement
Tags :
appDelhi High courtPunjabi News