ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਜ ਸਭਾ ਵਿੱਚ ਧਨਖੜ ਤੇ ਜਯਾ ਬੱਚਨ ਵਿਚਾਲੇ ਤਿੱਖੀ ਬਹਿਸ

ਸਭਾਪਤੀ ਵੱਲੋਂ ਵਿਰੋਧੀ ਧਿਰ ਦਾ ਰਵੱਈਆ ਲੋਕਤੰਤਰ ਤੇ ਸੰਵਿਧਾਨ ਦਾ ਅਪਮਾਨ ਕਰਾਰ
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਬਹਿਸ ’ਚ ਹਿੱਸਾ ਲੈਂਦੀ ਹੋਈ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 9 ਅਗਸਤ

ਰਾਜ ਸਭਾ ਵਿੱਚ ਸਭਾਪਤੀ ਜਗਦੀਪ ਧਨਖੜ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਬੰਧਾਂ ਵਿੱਚ ਪੈਦਾ ਹੋਈ ਕੁੜੱਤਣ ਤਹਿਤ ਅੱਜ ਸਭਾਪਤੀ ਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ ਦੇ ਰੋਸ ਵਜੋਂ ਵਿਰੋਧੀ ਪਾਰਟੀਆਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ ਅਤੇ ਦੂਜੇ ਪਾਸੇ ਧਨਖੜ ਨੇ ਵਿਰੋਧੀ ਧਿਰ ਦੇ ਰਵੱਈਏ ਨੂੰ ਲੋਕਤੰਤਰ ਤੇ ਸੰਵਿਧਾਨ ਦਾ ਅਪਮਾਨ ਕਰਾਰ ਦਿੱਤਾ। ਫਿਲਮ ਅਦਾਕਾਰਾ ਤੇ ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਧਨਖੜ ਦੇ ਸੰਬੋਧਨ ਕਰਨ ਦੇ ਲਹਿਜ਼ੇ ਅਤੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦਾ ਮਾਈਕ ਬੰਦ ਕਰਨ ’ਤੇ ਇਤਰਾਜ਼ ਦਾਇਰ ਕੀਤਾ, ਜਿਸ ਮਗਰੋਂ ਤਿੱਖੀ ਬਹਿਸ ਸ਼ੁਰੂ ਹੋ ਗਈ।

Advertisement

ਸਭਾਪਤੀ ਜੋ ਕਿ ਦੇਸ਼ ਦੇ ਉਪ ਰਾਸ਼ਟਰਪਤੀ ਵੀ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਇਆ/ਸਿਖਾਇਆ ਨਾ ਜਾਵੇ। ਉਨ੍ਹਾਂ ਕਿਹਾ ਕਿ ਜਯਾ ਬੱਚਨ ਭਾਵੇਂ ਕਿ ਮਸ਼ਹੂਰ ਹਸਤੀ ਹੋਣਗੇ ਪਰ ਉਨ੍ਹਾਂ ਨੂੰ ਸਦਨ ਵਿੱਚ ਮਰਿਆਦਾ ਕਾਇਮ ਰੱਖਣੀ ਹੋਵੇਗੀ।

ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਜੇਪੀ ਨੱਢਾ ਨੇ ਵਿਰੋਧੀ ਧਿਰ ਦੇ ਰਵੱਈਏ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ। ਇਸੇ ਤਰ੍ਹਾਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਰੋਧੀ ਧਿਰ ਦੀ ਕਾਰਵਾਈ ਨਿੰਦਣਯੋਗ ਹੈ। ਸਮੱਸਿਆ ਉਦੋਂ ਖੜ੍ਹੀ ਹੋ ਗਈ ਜਦੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਪਿਛਲੇ ਹਫਤੇ ਖੜਗੇ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਲਈ ਭਾਜਪਾ ਮੈਂਬਰ ਘਣਸ਼ਿਆਮ ਤਿਵਾੜੀ ਮੁਆਫ਼ੀ ਮੰਗਣ। ਧਨਖੜ ਨੇ ਜ਼ੋਰ ਦੇ ਕੇ ਕਿਹਾ ਕਿ ਸਦਨ ਵਿੱਚ ਪੈਦਾ ਹੋਇਆ ਵਿਵਾਦ ਉਨ੍ਹਾਂ ਦੇ ਚੈਂਬਰ ਵਿੱਚ ਹੱਲ ਹੋ ਗਿਆ ਸੀ। ਇਸ ’ਤੇ ਖੜਗੇ ਨੇ ਧਨਖੜ ਨੂੰ ਉਹੀ ਗੱਲ ਸਦਨ ਵਿੱਚ ਦੱਸਣ ਲਈ ਕਿਹਾ ਜੋ ਕਿ ਉਨ੍ਹਾਂ ਨੇ ਕਾਂਗਰਸੀ ਆਗੂ ਨੂੰ ਆਪਣੇ ਕਮਰੇ ਵਿੱਚ ਸੱਦ ਕੇ ਦੱਸੀ ਸੀ। ਖੜਗੇ ਨੇ ਕਿਹਾ, ‘‘ਇਹੀ ਠੀਕ ਹੋਵੇਗਾ ਕਿ ਤੁਸੀਂ ਉਹ ਗੱਲ ਸਦਨ ਵਿੱਚ ਦੱਸੋ।’’ ਸਭਾਪਤੀ ਨੇ ਤਿਵਾੜੀ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਿਵਾੜੀ ਦਾ ਭਾਸ਼ਣ ਕਾਫੀ ਧਿਆਨ ਨਾਲ ਪੜਿ੍ਹਆ ਹੈ। ਉਨ੍ਹਾਂ ਕਿਹਾ ਕਿ ਇਸ ਭਾਸ਼ਣ ਵਿੱਚ ਭਾਜਪਾ ਸੰਸਦ ਮੈਂਬਰ ਨੇ ਕੁਝ ਗਲਤ ਨਹੀਂ ਕਿਹਾ ਹੈ ਬਲਕਿ ਉਨ੍ਹਾਂ ਖੜਗੇ ਦੇ ਵੱਕਾਰ ਦਾ ਗੁਣਗਾਨ ਵੀ ਕੀਤਾ ਹੈ। ਇਸ ਦੌਰਾਨ ਧਨਖੜ ਵੱਲੋਂ ਜਯਾ ਬੱਚਨ ਸਣੇ ਵਿਰੋਧੀ ਧਿਰ ਦੇ ਹੋਰ ਆਗੂਆਂ ਨੂੰ ਕਾਫੀ ਤਿੱਖੇ ਸ਼ਬਦ ਕਹੇ ਗਏ ਅਤੇ ਤਿਵਾੜੀ ਦਾ ਬਚਾਅ ਕੀਤਾ ਗਿਆ। ਧਨਖੜ ਤੇ ਜਯਾ ਬੱਚਨ ਵਿਚਾਲੇ ਹੋਈ ਤਿੱਖੀ ਬਹਿਸ ਦੇ ਵਿਰੋਧ ਵਿੱਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ। ਇਸ ’ਤੇ ਧਨਖੜ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ, ‘‘ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ, ਤੁਸੀਂ ਆਪਣੇ ਫ਼ਰਜ਼ਾਂ ਤੋਂ ਭੱਜ ਰਹੇ ਹੋ। ਉਹ ਸ਼ਮੂਲੀਅਤ ਨਹੀਂ ਕਰਨਾ ਚਾਹੁੰਦੇ, ਉਹ ਸਿਰਫ ਹੰਗਾਮਾ ਕਰਨਾ ਚਾਹੁੰਦੇ ਹਨ।’’ ਉੱਧਰ, ਕਾਂਗਰਸ ਦੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੰਸਦ ਵਿੱਚ ਇਸ ਵੇਲੇ ਜੋ ਕੁਝ ਹੋ ਰਿਹਾ ਹੈ ਉਹ ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ। -ਪੀਟੀਆਈ

ਵਿਰੋਧੀ ਧਿਰਾਂ ਵੱਲੋਂ ਧਨਖੜ ਨੂੰ ‘ਹਟਾਉਣ’ ਲਈ ਧਾਰਾ 67 ਤਹਿਤ ਨੋਟਿਸ ਦੇੇਣ ਦੀ ਤਿਆਰੀ

ਨਵੀਂ ਦਿੱਲੀ:

ਵਿਰੋਧੀ ਧਿਰਾਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਅਹੁਦੇ ਤੋਂ ‘ਹਟਾਉਣ’ ਲਈ ਉਨ੍ਹਾਂ ਖ਼ਿਲਾਫ਼ ਸੰਵਿਧਾਨ ਦੀ ਧਾਰਾ 67 ਤਹਿਤ ਤਜਵੀਜ਼ ਲਿਆਉਣ ਲਈ ਨੋਟਿਸ ਦੇਣ ’ਤੇ ਵਿਚਾਰ ਕਰ ਰਹੀਆਂ ਹਨ। ਸੂਤਰਾਂ ਨੇ ਕਿਹਾ ਕਿ ਇਸ ਨੋਟਿਸ ਲਈ 87 ਸੰਸਦ ਮੈਂਬਰਾਂ ਨੇ ਦਸਤਖ਼ਤ ਵੀ ਕਰ ਦਿੱਤੇ ਹਨ। ਧਾਰਾ 67 (ਬੀ) ਤਹਿਤ ਉਪ ਰਾਸ਼ਟਰਪਤੀ ਨੂੰ ਸਾਰੇ ਤਤਕਾਲੀ ਮੈਂਬਰਾਂ ਦੇ ਬਹੁਮਤ ਨਾਲ ਪਾਸ ਤੇ ਲੋਕ ਸਭਾ ਦੀ ਸਹਿਮਤੀ ਵਾਲੀ ਇਕ ਤਜਵੀਜ਼ ਜ਼ਰੀਏ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ। ਹਾਲਾਂਕਿ ਅਜਿਹੀ ਕੋਈ ਵੀ ਤਜਵੀਜ਼ ਪੇਸ਼ ਕਰਨ ਤੋਂ ਪਹਿਲਾਂ ਘੱਟੋ-ਘੱਟ 14 ਦਿਨਾਂ ਦਾ ਨੋਟਿਸ ਦੇਣਾ ਲਾਜ਼ਮੀ ਹੈ। ਸੂਤਰਾਂ ਮੁਤਾਬਕ ਵਿਰੋਧੀ ਧਿਰਾਂ ਚਾਹੁੰਦੀਆਂ ਹਨ ਕਿ ਸਦਨ ਨੇਮਾਂ ਤੇ ਰਵਾਇਤਾਂ ਮੁਤਾਬਕ ਚੱਲੇ ਤੇ ਮੈਂਬਰਾਂ ਖ਼ਿਲਾਫ਼ ਵਿਅਕਤੀਗਤ ਟਿੱਪਣੀਆਂ ਸਵੀਕਾਰਯੋਗ ਨਹੀਂ ਹਨ। -ਪੀਟੀਆਈ

Advertisement
Tags :
Jagdeep DhankharJaya BachchanPunjabi khabarPunjabi NewsRajya Sabha