ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਿਮਾਚਲ ’ਚ ਭਾਰੀ ਮੀਂਹ ਕਾਰਨ 338 ਸੜਕਾਂ ਬੰਦ

ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਹੁਣ ਤੱਕ ਸੌ ਤੋਂ ਵੱਧ ਮੌਤਾਂ; ਰਾਜਸਥਾਨ ’ਚ ਅੱਠ ਜਣੇ ਹਲਾਕ
ਜੈਪੁਰ ’ਚ ਮੀਂਹ ਦੌਰਾਨ ਪਾਣੀ ਨਾਲ ਭਰੇ ਸੀਕਰ ਰੋਡ ਤੋਂ ਲੰਘਦੇ ਹੋਏ ਵਾਹਨ। -ਫੋਟੋ: ਪੀਟੀਆਈ
Advertisement

ਸਿ਼ਮਲਾ/ਨਵੀਂ ਦਿੱਲੀ/ਜੈਪੁਰ/ਟੀਹਰੀ 12 ਅਗਸਤ

ਹਿਮਾਚਲ ਪ੍ਰਦੇਸ਼ ’ਚ ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਤੇ ਅਚਾਨਕ ਆਏ ਹੜ੍ਹਾਂ ਕਾਰਨ ਚਾਰ ਕੌਮੀ ਸ਼ਾਹਰਾਹਾਂ ਸਮੇਤ 338 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਭਾਰੀ ਮੀਂਹ ਕਾਰਨ ਊਨਾ ਦੇ ਕਈ ਇਲਾਕੇ ਜਲਥਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲੂ, ਮੰਡੀ ਤੇ ਸ਼ਿਮਲਾ ਜ਼ਿਲ੍ਹਿਆਂ ’ਚ 31 ਜੁਲਾਈ ਨੂੰ ਬੱਦਲ ਫਟਣ ਦੀਆਂ ਘਟਨਾਵਾਂ ਮਗਰੋਂ ਲਾਪਤਾ ਹੋਏ 30 ਦੇ ਕਰੀਬ ਲੋਕਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ ਪਰ ਕੋਈ ਵੱਡੀ ਕਾਮਯਾਬੀ ਹਾਸਲ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ 27 ਜੂਨ ਤੋਂ ਨੌਂ ਅਗਸਤ ਵਿਚਾਲੇ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਸੌ ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਸੂਬੇ ਨੂੰ ਤਕਰੀਬਨ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Advertisement

ਸੂਬੇ ਦੇ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਸ਼ਿਮਲਾ ’ਚ 104, ਮੰਡੀ ’ਚ 71, ਸਿਰਮੌਰ ’ਚ 58, ਚੰਬਾ ’ਚ 55, ਕੁੱਲੂ ’ਚ 26, ਸੋਲਨ ਅਤੇ ਲਾਹੌਲ ਤੇ ਸਪਿਤੀ ’ਚ 7-7, ਕਿੰਨੌਰ ’ਚ ਪੰਜ, ਕਾਂਗੜਾ ’ਚ ਚਾਰ ਤੇ ਬਿਲਾਸਪੁਰ ਜ਼ਿਲ੍ਹੇ ’ਚ ਇੱਕ ਸੜਕ ਬੰਦ ਹੈ। ਪੂਰੇ ਸੂਬੇ ’ਚ 338 ਸੜਕਾਂ ਆਵਾਜਾਈ ਲਈ ਬੰਦ ਹਨ।

ਵਿਭਾਗ ਨੇ ਦੱਸਿਆ ਕਿ ਸੂਬੇ ਦੀਆਂ 488 ਬਿਜਲੀ ਤੇ 116 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਖੇਤਰੀ ਮੌਸਮ ਵਿਗਿਆਨ ਵਿਭਾਗ ਨੇ ਸੂਬੇ ’ਚ ਅਗਲੇ ਕੁਝ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਅਤੇ ਚੰਬਾ, ਸਿਰਮੌਰ, ਕਿੰਨੋਰ ਤੇ ਸ਼ਿਮਲਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਹੜ੍ਹਾਂ ਦਾ ਖਤਰਾ ਵੀ ਜ਼ਾਹਿਰ ਕੀਤਾ ਹੈ। ਇਸੇ ਤਰ੍ਹਾਂ ਰਾਜਸਥਾਨ ’ਚ ਅੱਜ ਭਾਰੀ ਮੀਂਹ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ। ਭਾਰੀ ਮੀਂਹ ਕਾਰਨ ਸੂਬੇ ਦੇ ਕਰੌਲੀ ਤੇ ਹਿੰਡੌਨ ’ਚ ਹੜ੍ਹ ਜਿਹੇ ਹਾਲਾਤ ਬਣ ਗਹੇ ਹਨ ਜਿੱਥੇ ਲੰਘੇ ਦੋ ਦਿਨਾਂ ਅੰਦਰ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਘੱਟੋ-ਘੱਟ 22 ਜਣਿਆਂ ਦੀ ਮੌਤ ਹੋ ਚੁੱਕੀ ਹੈ।

ਦੂਜੇ ਪਾਸੇ ਕੌਮੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ’ਚ ਮੀਂਹ ਪੈਣ ਮਗਰੋਂ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਕਿਹਾ ਕਿ ਮੱਧ, ਦੱਖਣੀ, ਦੱਖਣ-ਪੱਛਮੀ ਤੇ ਪੂਰਬੀ ਦਿੱਲੀ ’ਚ ਸਵੇਰੇ ਮੀਂਹ ਪਿਆ ਹੈ। ਇਸੇ ਦੌਰਾਨ ਉੱਤਰਾਖੰਡ ’ਚ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਉੱਤਰ ਪ੍ਰਦੇਸ਼ ਦੇ ਸੈਲਾਨੀ ਸਮੇਤ ਤਿੰਨ ਔਰਤਾਂ ਗੰਗਾ ਤੇ ਭਾਗੀਰਥੀ ਨਦੀਆਂ ’ਚ ਰੁੜ੍ਹ ਗਈਆਂ। -ਪੀਟੀਆਈ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਹਿਮਾਚਲ ਦੌਰਾ ਰੱਦ: ਸੁੱਖੂ

ਸ਼ਿਮਲਾ:

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਿਮਾਚਲ ਪ੍ਰਦੇਸ਼ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਅੱਜ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਾ ਸੀ। ਉਨ੍ਹਾਂ ਦੱਸਿਆ ਕਿ ਮੌਸਮ ’ਚ ਸੁਧਾਰ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦਾ ਦੌਰਾ ਕਰਨਗੇ।

Advertisement
Tags :
Cloud burstCM Narendra ModiCM Sukhwinder Singh SukhuHeavy RainPunjabi khabarPunjabi News