ਗਿੱਦੜਪਿੰਡੀ ਤੇ ਮਖੂ ਦਰਮਿਆਨ ਰੇਲਵੇ ਪੁਲ ’ਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ
ਫਿਰੋਜ਼ਪੁਰ ਰੇਲ ਮਾਰਗ ’ਤੇ ਸਥਿਤ ਗਿੱਦੜਪਿੰਡੀ ਅਤੇ ਮਖੂ ਵਿਚਕਾਰ ਬਣੇ ਰੇਲਵੇ ਪੁਲ ਨੰਬਰ 84 ’ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਾਰਨ ਰੇਲਵੇ ਨੂੰ ਵੱਡਾ ਫੈਸਲਾ ਲੈ ਕੇ ਬਦਲਵਾਂ ਪ੍ਰਬੰਧ ਕਰਨਾ ਪਿਆ ਹੈ। ਇਸ ਕਾਰਨ ਇਸ ਮਾਰਗ ’ਤੇ ਚੱਲਣ ਵਾਲੀਆਂ ਕਈ ਯਾਤਰੀ ਅਤੇ ਐਕਸਪ੍ਰੈਸ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕੁਝ ਰੇਲ ਗੱਡੀਆਂ ਦੇ ਰੂਟਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਰੇਲ ਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ, ਉਨ੍ਹਾਂ ਵਿਚ ਰੇਲ ਗੱਡੀ ਨੰਬਰ 74939 (ਜਲੰਧਰ ਸਿਟੀ-ਫਿਰੋਜ਼ਪੁਰ ਛਾਉਣੀ) ਅਤੇ 74932 (ਫਿਰੋਜ਼ਪੁਰ ਛਾਉਣੀ-ਜਲੰਧਰ ਸਿਟੀ) ਸ਼ਾਮਲ ਹਨ। ਇਸੇ ਤਰ੍ਹਾਂ 74931 (ਜਲੰਧਰ ਸਿਟੀ-ਫਿਰੋਜ਼ਪੁਰ ਛਾਉਣੀ) ਨੂੰ ਲੋਹੀਆਂ ਖਾਸ ਤੱਕ ਛੋਟਾ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਕਈ ਹੋਰ ਟਰੇਨਾਂ ਨੂੰ ਵੀ ਲੋਹੀਆਂ ਖਾਸ ਅਤੇ ਮਖੂ ਤੱਕ ਹੀ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਫਿਰੋਜ਼ਪੁਰ ਛਾਉਣੀ ਤੋਂ ਧਨਬਾਦ ਜਾਣ ਵਾਲੀ 13308 ਅਤੇ ਧਨਬਾਦ ਤੋਂ ਫਿਰੋਜ਼ਪੁਰ ਛਾਉਣੀ ਆਉਣ ਵਾਲੀ 13307 ਐਕਸਪ੍ਰੈਸ ਟਰੇਨਾਂ ਦਾ ਰੂਟ ਬਦਲ ਕੇ ਹੁਣ ਫਿਰੋਜ਼ਪੁਰ ਛਾਉਣੀ-ਮੋਗਾ-ਲੁਧਿਆਣਾ ਰਾਹੀਂ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਲੰਧਰ ਸਿਟੀ-ਹੁਸ਼ਿਆਰਪੁਰ ਰੇਲਗੱਡੀ 54638 ਜਲੰਧਰ ਸ਼ਹਿਰ ਤੋਂ 100 ਮਿੰਟ ਦੀ ਦੇਰੀ ਨਾਲ ਚੱਲੇਗੀ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ’ਤੇ ਨਿਕਲਣ ਤੋਂ ਪਹਿਲਾਂ ਟਰੇਨ ਦੀ ਸਥਿਤੀ ਦੀ ਜਾਂਚ ਜ਼ਰੂਰ ਕਰ ਲੈਣ। ਇਸ ਲਈ ਰੇਲ ਮਦਦ ਹੈਲਪਲਾਈਨ ਨੰਬਰ 139 ਜਾਂ ਰੇਲਵੇ ਦੀ ਵੈਬਸਾਈਟ ’ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਜਲੰਧਰ-ਕਪੂਰਥਲਾ ਮਾਰਗ ’ਤੇ ਚੱਲਣਗੀਆਂ ਵਿਸ਼ੇਸ਼ ਬੱਸਾਂ
ਰੇਲਵੇ ਡਿਵੀਜ਼ਨ ਫਿਰੋਜ਼ਪੁਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭਾਰੀ ਮੀਂਹ ਕਾਰਨ ਕਪੂਰਥਲਾ ਅਤੇ ਹੁਸੈਨਪੁਰ ਦੇ ਵਿਚਕਾਰ ਰੇਲ ਪਟੜੀਆਂ ’ਤੇ ਪਾਣੀ ਭਰਨ ਅਤੇ ਧੱਸ ਜਾਣ ਕਾਰਨ ਰੇਲ ਆਵਾਜਾਈ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਹੋ ਰਹੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਵੇ ਵਿਭਾਗ ਨੇ ਤੁਰੰਤ ਕਦਮ ਚੁੱਕੇ ਹਨ। ਪ੍ਰਭਾਵਿਤ ਯਾਤਰੀਆਂ ਦੀ ਸਹੂਲਤ ਲਈ ਫਿਰੋਜ਼ਪੁਰ ਡਿਵੀਜ਼ਨ ਨੇ ਪਾਣੀ ਭਰੇ ਖੇਤਰਾਂ ਵਿਚ ਰੇਲ ਮਾਰਗਾਂ ਦੀ ਮੁਰੰਮਤ ਦੇ ਕੰਮ ਨੂੰ ਤੇਜ਼ੀ ਨਾਲ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ, ਜਲੰਧਰ ਤੋਂ ਕਪੂਰਥਲਾ ਤੱਕ ਯਾਤਰੀਆਂ ਨੂੰ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਬੱਸਾਂ ਯਾਤਰੀਆਂ ਨੂੰ ਕਪੂਰਥਲਾ ਪਹੁੰਚਾਉਣਗੀਆਂ, ਜਿੱਥੋਂ ਉਹ ਫਿਰੋਜ਼ਪੁਰ ਵੱਲ ਆਪਣੀ ਯਾਤਰਾ ਮੁੜ ਤੋਂ ਸ਼ੁਰੂ ਕਰ ਸਕਦੇ ਹਨ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਟੜੀਆਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਜਲਦ ਹੀ ਰੇਲ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਜਾਵੇਗਾ। ਰੇਲਵੇ ਡਿਵੀਜ਼ਨ ਫਿਰੋਜ਼ਪੁਰ ਨੇ ਯਾਤਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਯਾਤਰਾ ਨੂੰ ਜਲਦ ਤੋਂ ਜਲਦ ਆਮ ਵਾਂਗ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਅੱਜ 3 ਸਤੰਬਰ ਨੂੰ ਰੇਲ ਗੱਡੀਆਂ ਅਸਥਾਈ ਤੌਰ ’ਤੇ ਰੱਦ ਰਹਿਣਗੀਆਂ। ਟਰੇਨ ਨੰਬਰ 74931 ਜਲੰਧਰ ਸ਼ਹਿਰ ਤੋਂ ਫਿਰੋਜ਼ਪੁਰ ਛਾਉਣੀ , ਟਰੇਨ ਨੰਬਰ 74934 ਫਿਰੋਜ਼ਪੁਰ ਛਾਉਣੀ ਤੋਂ ਜਲੰਧਰ ਸ਼ਹਿਰ, ਟਰੇਨ ਨੰਬਰ 74935 ਜਲੰਧਰ ਸ਼ਹਿਰ ਤੋਂ ਫਿਰੋਜ਼ਪੁਰ ਛਾਉਣੀ ਰੱਦ ਕਰ ਦਿੱਤੀਆਂ ਗਈਆਂ ਹਨ।