ਚਿੱਟੀ ਵੇਈਂ ਚੜ੍ਹਨ ਕਾਰਨ ਖੇਤਾਂ ਵਿੱਚ ਪਾਣੀ ਵੜਿਆ
ਮੀਂਹ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚੋਂ ਨਿਕਲਦੀ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕ ਚਿੰਤਤ ਹਨ। ਕੌਮੀ ਮਾਰਗ ’ਤੇ ਚਹੇੜੂ ਨੇੜਿਓਂ ਜਲੰਧਰ ਵਿੱਚ ਦਾਖਲ ਹੁੰਦੀ ਚਿੱਟੀ ਵੇਈਂ ਦਾ ਪਾਣੀ ਨੇੜਲੇ ਖੇਤਾਂ ਵਿੱਚ ਜਾ ਵੜਿਆ ਹੈ। ਚਹੇੜੂ ਪੁਲ ਹੇਠਾਂ ਹਾਲਾਤ ਅਜਿਹੇ ਹਨ ਕਿ ਉੱਥੇ ਬਣਿਆ ਧਾਰਮਿਕ ਸਥਾਨ ਪੰਜ ਫੁੱਟ ਤੋਂ ਵੱਧ ਹੋਣ ਕਾਰਨ ਡੁੱਬਿਆ ਹੋਇਆ ਹੈ। ਪਾਣੀ ਛੋਟੇ ਪੁੱਲ ਦੇ ਬਰਾਬਰ ਪਹੁੰਚ ਗਿਆ ਹੈ।
ਚਿੱਟੀ ਵੇਈਂ ਵਿੱਚ ਪਾਣੀ ਵਧਣ ਕਾਰਨ ਬਰਸਾਲ, ਹਮੀਰੀ, ਖੇੜਾ, ਫਤਿਹਪੁਰ, ਉਧੋਪੁਰ, ਖੁਣਖੁਣ, ਜਗਰਾਲ, ਚਾਚੋਵਾਲ, ਦਾਦੂਵਾਲ, ਦਿਵਾਲੀ, ਜੰਡਿਆਲੀ, ਕੁੱਕੜ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।
ਪਿੰਡ ਲੁਹਾਰਾ ਅਤੇ ਲਾਂਬੜਾ ਵਿਚਕਾਰ ਪਾਣੀ ਦੇ ਕੁਦਰਤੀ ਵਹਾਅ ਲਈ ਬਣਾਈ ਪੁਲੀ ਅੱਗੇ ਸ਼ਹਿਰ ਦੇ ਇੱਕ ਵੱਡੇ ਘਰਾਣੇ ਵੱਲੋਂ ਜ਼ਮੀਨ ਖਰੀਦ ਕੇ ਬਣਾਈ ਹੋਈ ਕੰਧ ਨੂੰ ਤੋੜ ਕੇ ਪਿੰਡ ਵਾਸੀਆਂ ਨੇ ਲੁਹਾਰਾ ਪਿੰਡ ਵਿੱਚ ਪਾਣੀ ਨੂੰ ਵੜਨ ਤੋਂ ਰੋਕਿਆ ਹੈ। ਕੁਦਰਤੀ ਪਾਣੀ ਦੇ ਵਹਾਅ ਲਈ ਬਣੀ ਰੋਹੀ ਵਿੱਚ ਡਾਕਟਰ ਬਲਵੀਰ ਸਿੰਘ ਭੋਰਾ ਦੇ ਫਾਰਮ ਵਿੱਚ ਰੱਖੇ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉੱਚੀ ਜਗ੍ਹਾ ਤੇ ਨੇੜਲੇ ਕੋਲਡ ਸਟੋਰ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕੰਗ ਸਾਬੂ ਪੁਲ ਹੇਠਾਂ ਪਾਣੀ ਵਿੱਚ ਗੰਦਗੀ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਵੇਈਂ ਦੇ ਕੰਢੇ ਝੁਗੀਆਂ ਬਣਾ ਕੇ ਰਹਿ ਰਹੇ ਵਿਅਕਤੀਆਂ ਦੀਆਂ ਝੁੱਗੀਆਂ ਵਿੱਚ ਪਾਣੀ ਆ ਗਿਆ ਹੈ।
ਕਿਸਾਨ ਆਗੂ ਸੁਖਬੀਰ ਸਿੰਘ ਕੁੱਕੜ ਪਿੰਡ ਅਤੇ ਭੁਪਿੰਦਰ ਸਿੰਘ ਭਿੰਦਾ ਫੋਲੜੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਵਿੱਚ ਹੜ੍ਹ ਦਾ ਪਾਣੀ ਜਾਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਲਈ ਸੂਬਾ ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕਰਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਪਿੰਡ ਖੁਣਖੁਣ ਦੇ ਵਸਨੀਕ ਅਵਤਾਰ ਸਿੰਘ ਨੇ ਪਾਣੀ ਵਧਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਜਲੰਧਰ ਪ੍ਰਸ਼ਾਸਨ ਨੂੰ ਪਿੰਡ ਦੀ ਸਹੂਲਤ ਲਈ ਬੇੜੀ ਦਾ ਇੰਤਜ਼ਾਮ ਕਰਨ ਲਈ ਅਪੀਲ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਕਿਸਾਨਾਂ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਡੱਟ ਕੇ ਖੜਾ ਹੈ। ਉਧਰ ਹਲਕਾ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਹੜ੍ਹ ਦੀ ਮਾਰ ਹੇਠ ਆਏ ਇਲਾਕੇ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਫੋਟੋ ਕੈਪਸ਼ਨ