ਥ੍ਰੀ-ਡੀ ਫੋਟੋਆਂ ਬਣਾਉਣ ਲਈ ਜੈਮਿਨੀ ਐਪ ਨਾ ਵਰਤਣ ਦੀ ਚਿਤਾਵਨੀ
ਜੈਮਿਨੀ ਐਪ ਨਾਲ 3ਡੀ ਫੋਟੋਆਂ ਬਣਾਉਣ ਦਾ ਕ੍ਰੇਜ਼ ਸੋਸ਼ਲ ਮੀਡੀਆ ’ਤੇ ਬਹੁਤ ਵੱਧ ਰਿਹਾ ਹੈ ਪਰ ਕੋਈ ਵੀ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਨਹੀਂ ਹੈ। ਸਾਈਬਰ ਕ੍ਰਾਈਮ ਦੇਹਾਤ ਦੀ ਇੰਸਪੈਕਟਰ ਮੀਨਾ ਕੁਮਾਰੀ ਪਵਾਰ ਨੇ ਸ਼ਹਿਰ ਵਾਸੀਆਂ ਨੂੰ ਜੈਮਿਨੀ ਐਪ ਰਾਹੀਂ ਧੋਖਾਧੜੀ ਤੋਂ ਬਚਣ ਲਈ ਚੇਤਾਵਨੀ ਦਿੱਤੀ ਹੈ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਸਾਈਬਰ ਧੋਖਾਧੜੀ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਬਾਵਜੂਦ, ਲੋਕ ਸੋਸ਼ਲ ਮੀਡੀਆ ’ਤੇ ਚੱਲ ਰਹੀ ਐਪ ਨੂੰ ਡਾਊਨਲੋਡ ਕਰਕੇ ਵਰਤਦੇ ਹਨ ਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਐਪ ’ਤੇ ਤੁਹਾਡੇ ਫ਼ੋਨ ਦਾ ਡੇਟਾ ਅਪਲੋਡ ਕੀਤਾ ਜਾਂਦਾ ਹੈ, ਉਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜਾਣਕਾਰੀ ਅਨੁਸਾਰ, ਕੁਝ ਦਿਨ ਪਹਿਲਾਂ ਜੈਮਿਨੀ ਐਪ ’ਚ ਨੈਨੋ ਬਨਾਨਾ ਏਆਈ ਟੂਲ ਰੋਲ ਆਊਟ ਕੀਤਾ ਗਿਆ ਹੈ। ਇਸ ਐਪ ਰਾਹੀਂ ਆਸਾਨੀ ਨਾਲ ਫੋਟੋਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਮੀਨਾ ਕੁਮਾਰੀ ਪਵਾਰ ਨੇ ਦੱਸਿਆ ਕਿ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ’ਤੇ 3-ਡੀ ਫਿਗਰਿੰਗ ਫੋਟੋਆਂ ਵਾਇਰਲ ਹੋ ਰਹੀਆਂ ਹਨ। ਗੂਗਲ ਦਾ ਇਹ ਨਵਾਂ ਏਆਈ ਟੂਲ ਖਪਤਕਾਰਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੈਮਿਨੀ ਐਪ ਦੇ ਨਿਯਮਾਂ ਤੇ ਸ਼ਰਤਾਂ ’ਚ ਲਿਖਿਆ ਹੈ ਕਿ ਤੁਹਾਡੀ ਫੋਟੋ ਨੂੰ ਸਿਖਲਾਈ ਦੇ ਉਦੇਸ਼ ਲਈ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਸਾਰੀਆਂ ਸੂਚਨਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਜਾਂਦੀ ਹੈ। ਅਜਿਹੀ ਸਥਿਤੀ ’ਚ, ਤੁਹਾਡਾ ਨਿੱਜੀ ਡੇਟਾ ਵੀ ਲੀਕ ਹੋ ਸਕਦਾ ਹੈ ਤੇ ਵੱਡੀ ਧੋਖਾਧੜੀ ਵੀ ਹੋ ਸਕਦੀ ਹੈ। ਇਸ ਲਈ ਇਸ ਐਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ।।