ਜੱਗੂ ਭਗਵਾਨਪੁਰੀਆ ਗਰੋਹ ਦੇ ਦੋ ਮੈਂਬਰ ਹਥਿਆਰਾਂ ਸਣੇ ਕਾਬੂ
ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੁਸ਼ਿਆਰਪੁਰ ਪੁਲੀਸ ਨਾਲ ਇਕ ਸਾਂਝੀ ਕਾਰਵਾਈ ਦੌਰਾਨ ਜੱਗੂ ਭਗਵਾਨਪੁਰੀਆ ਗਰੋਹ ਦੇ ਦੋ ਸਰਗਰਮ ਮੈਂਬਰਾਂ ਨੂੰ ਆਧੁਨਿਕ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਹੁਸ਼ਿਆਰਪੁਰ ਪੁਲੀਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਜੱਗੂ ਭਗਵਾਨਪੁਰੀਆ ਗਰੋਹ ਦੇ ਦੋ ਸਰਗਰਮ ਮੈਂਬਰਾਂ ਸਵਿੰਦਰ ਸਿੰਘ ਉਰਫ ਬੋਧੀ ਤੇ ਸੁਖਮਨ ਉਰਫ ਜਸ਼ਨ ਦੋਵੇਂ ਵਾਸੀ ਕਲਾਨੌਰ ਗੁਰਦਾਸਪੁਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ।’’
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ, ਅੰਮ੍ਰਿਤ ਦਾਲਮ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਦੋਵੇਂ ਕਲਾਨੌਰ ਦੇ ਵਡਾਲਾ ਬਾਂਗਰ ਵਿੱਚ ਇੱਕ ਮੈਡੀਕਲ ਦੁਕਾਨ ’ਤੇ ਹੋਈ ਗੋਲੀਬਾਰੀ, ਜਿਸ ਵਿੱਚ ਡਾਕਟਰ ਹਰੀ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਦੀ ਘਟਨਾ ਵਿੱਚ ਲੋੜੀਂਦੇ ਹਨ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਗਲੌਕ ਪਿਸਤੌਲ, ਇੱਕ ਜ਼ੇਗਾਨਾ ਪਿਸਤੌਲ, ਇੱਕ ਪੀਐਕਸ30 ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ਼ ਹੁਸ਼ਿਆਰਪੁਰ ਦੇ ਦਸੂਹਾ ਪੁਲੀਸ ਥਾਣੇ ਵਿਚਆਰਮਜ਼ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਤੇ ਹੋਰ ਜਾਂਚ ਜਾਰੀ ਹੈ।
