ਮਸਲੇ ਹੱਲ ਨਾ ਹੋਣ ’ਤੇ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਥਾਣੇ ਅੱਗੇ ਧਰਨਾ
ਸ਼ਾਹਕੋਟ ਪੁਲੀਸ ਵੱਲੋਂ ਮਾਈਨਿੰਗ ਕਰਨ ਦੇ ਕਥਿਤ ਦੋਸ਼ਾਂ ਤਹਿਤ ਕੁਝ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲੀਸ ਵਲੋਂ ਵੱਡੀ ਪੱਧਰ ’ਤੇ ਟਿੱਪਰ, ਟਰੈਕਟਰ/ਟਰਾਲੀਆਂ, ਜੇ.ਸੀ.ਬੀ ਅਤੇ ਪੋਕ ਮਸ਼ੀਨਾਂ ਜ਼ਬਤ ਕਰ ਲਈਆਂ ਗਈਆਂ ਸਨ। ਇਸ ਵਰਤਾਰੇ ਖਿਲਾਫ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਮਝੈਲ) ਅਤੇ ਸਰਬੱਤ ਦਾ ਭਲਾ ਸਾਂਝਾ ਮੰਚ ਨੇ ਸੰਯੁਕਤ ਰੂਪ ’ਚ ਸ਼ਾਹਕੋਟ ਪੁਲੀਸ ਖਿਲਾਫ ਥਾਣੇ ਅੱਗੇ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਰ ਕੀਤਾ। ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਇਕ ਹਫਤੇ ਅੰਦਰ-ਅੰਦਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿਤਾ ਗਿਆ ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਮਝੈਲ) ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਹਰੀਕੇ, ਬੀ.ਕੇ.ਯੂ (ਡਕੌਂਦਾ) ਦੇ ਆਗੂ ਜਸਵਿੰਦਰ ਸਿੰਘ ਭਮਾਲ ਅਤੇ ਸਰਬੱਤ ਦਾ ਭਲਾ ਸਾਂਝਾ ਮੰਚ ਦੇ ਸੂਬਾਈ ਆਗੂ ਸੁਖਦੀਪ ਸਿੰਘ ਖਾਲਸਾ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼ਾਹਕੋਟ ਪੁਲੀਸ ਪੰਜਾਬ ਸਰਕਾਰ ਵੱਲੋਂ ਜਿਸ ਕਾ ਖੇਤ ਉਸ ਕੀ ਰੇਤ ਦੇ ਕੀਤੇ ਐਲਾਨ ਦੇ ਉਲਟ ਜਾ ਕੇ ਆਪਣੇ ਖੇਤਾਂ ਵਿਚੋ ਰੇਤਾ ਚੁਕਵਾਉਣ ਵਾਲਿਆਂ ਖਿਲਾਫ ਮੁਕੱਦਮੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ 4000 ਰੁਪਏ ’ਚ ਰੇਤਾ ਦਾ ਟਿੱਪਰ ਭਰਦੇ ਹਨ ਜਦੋਂ ਕਿ ਰੇਤੇ ਦੇ ਠੇਕੇਦਾਰ 15000 ਰੁਪਏ ’ਚ ਭਰਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਠੇਕੇਦਾਰਾਂ ਨਾਲ ਮਿਲ ਕੇ ਵੱਡੀ ਪੱਧਰ ’ਤੇ ਖਾਲੀ ਟਿੱਪਰ, ਟਰੈਕਟਰ/ਟਰਾਲੀਆਂ, ਜੇ.ਸੀ.ਬੀ ਅਤੇ ਪੋਕ ਮਸ਼ੀਨਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਕੁਝ ਕਿਸਾਨਾਂ ਅਤੇ ਡਰਾਈਵਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਅੱਜ ਥਾਣੇ ਅੱਗੇ ਧਰਨਾ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਹਫਤੇ ਅੰਦਰ ਉਨ੍ਹਾਂ ਦਾ ਮਸਲਾ ਹੱਲ ਨਾ ਕੀਤਾ ਉਹ ਰਾਸ਼ਟਰੀ ਹਾਈਵੇਅ ਜਾਮ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਸ਼ਾਹਕੋਟ ਪੁਲੀਸ ਦੀ ਹੋਵੇਗੀ।
ਐਸ.ਐਚ.ਓ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉੱਪ ਮੰਡਲ ਅਫਸਰ/ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸ਼ਰ ਵਿਜੇ ਕੁਮਾਰ ਨੇ ਉਨ੍ਹਾਂ ਦੇ ਥਾਣੇ ਵਿਚ ਦਰਖਾਸਤ ਦਿੱਤੀ ਸੀ ਕਿ ਪਿੰਡ ਚੱਕ ਬਾਹਮਣੀਆਂ ਦੀ ਪੰਚਾਇਤੀ ਜ਼ਮੀਨ ’ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਸ਼ਿਕਾਇਤ ’ਤੇ ਅਮਲ ਕਰਦਿਆਂ ਪੁਲੀਸ ਨੇ ਕਾਰਵਾਈ ਕੀਤੀ ਹੈ।
