ਜਲੰਧਰ ਦੇ 11 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸਕੂਲ ਪ੍ਰਸ਼ਾਸਨ ਨੇ ਬੱਚਿਆਂ ਨੂੰ ਭੇਜਿਆ ਘਰ
ਅੰਮ੍ਰਿਤਸਰ ਮਗਰੋਂ ਹੁਣ ਜਲੰਧਰ ਸ਼ਹਿਰ ਦੇ ਕਰੀਬ 11 ਸਕੂਲਾਂ ਨੂੰ ਸੋਮਵਾਰ ਸਵੇਰੇ ਬੰਬ ਧਮਾਕਿਆਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਮਿਲੀ ਹੈ। ਈਮੇਲ ਜ਼ਰੀਏ ਭੇਜੀ ਧਮਕੀ ਕਾਰਨ ਸਕੂਲਾਂ ਵਿਚ ਬਹੁਤ ਜ਼ਿਆਦਾ ਘਬਰਾਹਟ ਫੈਲ ਗਈ ਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਚਾਰ ਸਕੂਲਾਂ ਨੂੰ ਸ਼ੁਰੂਆਤ ਵਿੱਚ ਈਮੇਲ ਧਮਕੀਆਂ ਮਿਲੀਆਂ ਸਨ ਉਨ੍ਹਾਂ ਵਿਚ ਸੇਂਟ ਜੋਸਫ਼ ਕਾਨਵੈਂਟ ਸਕੂਲ, ਆਈਵੀਵਾਈ ਵਰਲਡ ਸਕੂਲ ਅਤੇ ਸੰਸਕ੍ਰਿਤੀ ਕੇਐਮਵੀ ਸਕੂਲ ਅਤੇ ਸ਼ਿਵ ਜਯੋਤੀ ਸਕੂਲ ਸ਼ਾਮਲ ਹਨ। ਹਾਲਾਂਕਿ ਮਗਰੋਂ ਅੱਠ ਹੋਰ ਸਕੂਲਾਂ ਨੂੰ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਮਿਲਣ ਦਾ ਦਾਅਵਾ ਕੀਤਾ ਹੈ।
ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਅਤੇ ਪੁਲੀਸ ਕਮਿਸ਼ਨਗਰ ਧਨਪ੍ਰੀਤ ਕੌਰ ਨੇ ਕਿਹਾ,“ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਹੁਣ ਤੱਕ 11 ਸਕੂਲਾਂ ਨੂੰ ਧਮਕੀ ਵਾਲੇ ਈਮੇਲ ਮਿਲੇ ਹਨ। ਸਾਡੀਆਂ ਸਾਬੀਅਰ ਕ੍ਰਾਈਮ ਟੀਮਾਂ ਨੇ ਕੇਸ ਦਰਜ ਕਰ ਲਿਆ ਹੈ। ਟੀਮਾਂ ਵੱਲੋਂ ਈਮੇਲ ਦੇ ਮੂਲ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”
ਸਕੂਲ ਅਧਿਕਾਰੀਆਂ ਵੱਲੋਂ ਈਮੇਲ ਦੇ ਵੇਰਵੇ ਸਾਂਝੇ ਕਰਨ ਮਗਰੋਂ ਪੁਲੀਸ ਵੀ ਹਰਕਤ ਵਿਚ ਆ ਗਈ ਤੇ ਸਬੰਧਤ ਸਕੂਲਾਂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਸਕੂਲ ਦੁਪਹਿਰ 12 ਵਜੇ ਦੇ ਕਰੀਬ ਬੰਦ ਕਰ ਦਿੱਤੇ ਗਏ ਸਨ। ਸਕੂਲਾਂ ਨੇ ਮਾਪਿਆਂ ਨੂੰ ਐਪ ਅਤੇ ਵਟਸਐਪ ਗਰੁੱਪਾਂ ’ਤੇ ਸੁਨੇਹੇ ਭੇਜ ਕੇ ਸਕੂਲ ਦੇ ਜਲਦੀ ਬੰਦ ਹੋਣ ਬਾਰੇ ਜਾਣੂ ਕਰਵਾਇਆ।
ਸੇਂਟ ਜੋਸਫ਼ ਕਾਨਵੈਂਟ ਸਕੂਲ ਵੱਲੋਂ ਮਾਪਿਆਂ ਨੂੰ ਭੇਜੇ ਅਜਿਹੇ ਹੀ ਇਕ ਸੁਨੇਹੇ ਵਿਚ ਲਿਖਿਆ ਸੀ, ‘‘ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਨੇ ਅੱਜ, 15 ਦਸੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਸਾਰੇ ਵਿਦਿਆਰਥੀਆਂ ਦੀ ਛੁੱਟੀ ਦਾ ਸਮਾਂ ਸਵੇਰੇ 11:55 ਵਜੇ ਹੋਵੇਗਾ। ਕਿਰਪਾ ਕਰਕੇ ਕਿਸੇ ਵੀ ਅਫਵਾਹ 'ਤੇ ਧਿਆਨ ਨਾ ਦਿਓ। ਸਬੰਧਤ ਅਧਿਕਾਰੀਆਂ ਦੁਆਰਾ ਸਕੂਲ ਦੇ ਅਹਾਤੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ, ਅਤੇ ਕੋਈ ਖ਼ਤਰਾ ਨਹੀਂ ਪਾਇਆ ਗਿਆ ਹੈ। ਇਹਤਿਆਤ ਵਜੋਂ ਅਸੀਂ ਬੱਚਿਆਂ ਨੂੰ ਜਲਦੀ ਘਰ ਭੇਜ ਰਹੇ ਹਾਂ। ਸਾਰੀਆਂ ਸਕੂਲ ਬੱਸਾਂ ਅਤੇ ਵੈਨਾਂ ਆਮ ਵਾਂਗ ਚੱਲਣਗੀਆਂ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਤੌਰ ’ਤੇ ਲੈਂਦੇ ਹਨ, ਉਹ ਨਿਰਧਾਰਤ ਸਮੇਂ ਵਿਚ ਆਰਾਮ ਨਾਲ ਆ ਸਕਦੇ ਹਨ। ਤੁਹਾਡੇ ਬੱਚੇ ਸਾਡੇ ਨਾਲ ਸੁਰੱਖਿਅਤ ਹਨ।’’
