ਗਿੱਦੜਪਿੰਡੀ ਪੁਲ ਕੋਲ ਸਤਲੁਜ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਟੱਪਿਆ
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਅਜੇ ਕੋਈ ਸੁਖਾਵੀਂ ਖ਼ਬਰ ਸੁਣਾਈ ਨਹੀਂ ਦੇ ਰਹੀ। ਗਿੱਦੜਪਿੰਡੀ ਕੋਲ ਸਤਲੁਜ ਦਰਿਆ ਦਾ ਪਾਣੀ ਹੁਣ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ। ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਸਥਿਤੀ ਨੂੰ ਕਾਫ਼ੀ ਗੰਭੀਰ ਬਣਾ ਦਿੱਤਾ ਹੈ। ਹਿਮਾਚਲ ਵਿੱਚ ਸਾਰਾ ਦਿਨ ਤੇ ਸਾਰੀ ਰਾਤ ਲਗਾਤਾਰ ਮੀਂਹ ਪੈਂਦਾ ਰਿਹਾ। ਪੰਜਾਬ ਵਿੱਚ ਵੀ ਭਾਰੀ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ।
ਉਧਰ ਦੋਆਬੇ ਦੀਆਂ ਦੋਵੇਂ ਵੇਈਆਂ ਚਿੱਟੀ ਵੇਈਂ ਤੇ ਕਾਲੀ ਵੇਈਂ ਦਾ ਪਾਣੀ ਵੀ ਕੰਢਿਆ ਤੋਂ ਬਾਹਰ ਵੱਗਣ ਲੱਗ ਪਿਆ ਹੈ। ਦੋਵੇਂ ਨਦੀਆਂ ਵਿੱਚ 20 ਕਿਊਸਿਕ ਤੋਂ ਵੱਧ ਪਾਣੀ ਵੱਗਣ ਕਾਰਨ ਉਨ੍ਹਾਂ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਜਿੱਥੋਂ ਇਹ ਦੋਵੇਂ ਨਦੀਆਂ ਵਗ ਰਹੀਆਂ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧੁੱਸੀ ਬੰਨ੍ਹ ’ਤੇ ਇੱਕਠੇ ਹੋਏ ਲੋਕਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਰੋਪੜ ਬੈਰਾਜ ਤੋਂ ਸਤਲੁਜ ਦਰਿਆ ਵਿੱਚ 1 ਲੱਖ 14 ਹਾਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਸਤਲੁਜ ਦਰਿਆ ਦੀ ਸਮਰੱਥਾ 2 ਲੱਖ ਕਿਊਸਿਕ ਦੀ ਹੈ।
ਸੀਚੇਵਾਲ ਨੇ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਹੋਰ ਪੈਂਦਾ ਹੈ ਜਾਂ ਫਿਰ ਭਾਖੜਾ ਡੈਮ ਤੋਂ ਵਾਧੂ ਛੱਡਿਆ ਜਾਂਦਾ ਹੈ ਤਾਂ ਸਥਿਤੀ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਗਿੱਦੜਪਿੰਡੀ ਪੁਲ ਹੇਠਾਂ 1 ਲੱਖ 28 ਹਾਜ਼ਰ ਕਿਊਸਿਕ ਦੇ ਕਰੀਬ ਪਾਣੀ ਵਗ ਰਿਹਾ ਹੈ।
ਡਰੇਨਜ਼ ਵਿਭਾਗ ਦੇ ਐਕਸੀਅਨ ਸਿਰਤਾਜ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦਾ ਪਾਣੀ ਅਜੇ ਧੁੱਸੀ ਬੰਨ੍ਹ ਤੋਂ ਨੀਵਾਂ ਵੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਦੀ ਮਜ਼ਬੂਤੀ ਅਤੇ ਨਜ਼ਰਸਾਨੀ ਕਰਨ ਵਿੱਚ ਵਿਭਾਗ ਦੇ ਐੱਸਡੀਓ ਤੇ ਜੇਈ ਹਮੇਸ਼ਾਂ ਉਥੇ ਹੁੰਦੇ ਹਨ।