ਐੱਲਪੀਜੀ ਗੈਸ ਨਾਲ ਭਰਿਆ ਟੈਂਕਰ ਪਲਟਿਆ
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ ਡੇਢ ਵਜੇ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਿਹਾ ਇਹ ਟੈਂਕਰ ਬੇਕਾਬੂ ਹੋ ਗਿਆ ਅਤੇ ਸੜਕ ਨੇੜੇ ਬਣੇ ਇੱਕ ਗੇਟ ਨਾਲ ਟਕਰਾਉਣ ਤੋਂ ਬਾਅਦ ਸੜਕ ’ਤੇ ਪਲਟ ਗਿਆ। ਹਾਦਸੇ ’ਚ ਟੈਂਕਰ ਦੇ ਦੋ ਹਿੱਸੇ ਹੋ ਗਏ।
ਹਾਦਸੇ ਦਾ ਪਤਾ ਲੱਗਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਟੈਂਕਰ ਪਲਟਣ ਕਾਰਨ ਗੈਸ ਲੀਕ ਹੋਣ ਲੱਗ ਪਈ ਜਿਸ ਕਾਰਨ ਤੁਰੰਤ ਨੇੜਲੇ ਸਕੂਲ, ਬਿਜਲੀ ਦੀ ਸਪਲਾਈ ਅਤੇ ਹੋਰ ਅਦਾਰੇ ਬੰਦ ਕਰਵਾ ਦਿੱਤੇ ਗਏ। ਰੇਲਵੇ ਲਾਈਨ ਅਤੇ ਮੇਨ ਰੋਡ ’ਤੇ ਵੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ।
ਗੈਸ ਪਲਾਂਟ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਟੈਂਕਰ ਬਠਿੰਡਾ ਤੋਂ ਮੰਡਿਆਲਾ ਪਲਾਂਟ ਵਿੱਚ ਪਹੁੰਚਿਆ ਅਤੇ ਆਪਣੀ ਐਂਟਰੀ ਕਰਵਾਉਣ ਤੋਂ ਬਾਅਦ ਪਤਾ ਨਹੀਂ ਕਿਸ ਕਾਰਨ ਇਹ ਵਾਪਸ ਜਲੰਧਰ ਵੱਲ ਚੱਲ ਪਿਆ। ਇਸ ਦੌਰਾਨ ਰਾਹ ਵਿੱਚ ਇਹ ਹਾਦਸਾ ਵਾਪਰ ਗਿਆ। ਟੈਂਕਰ ਦਾ ਡਰਾਈਵਰ ਹਾਦਸਾ ਹੋਣ ਤੋਂ ਬਾਅਦ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਟੈਂਕਰ ’ਚ 17 ਹਜ਼ਾਰ ਕਿਲੋ ਐੱਲਪੀਜੀ ਗੈਸ ਭਰੀ ਸੀ। ਦੇਰ ਸ਼ਾਮ ਤੱਕ ਟੈਂਕਰ ’ਚੋਂ ਗੈਸ ਤਬਦੀਲ ਕਰਨ ਲਈ ਖ਼ਾਲੀ ਟੈਂਕਰ ਦੀ ਉਡੀਕ ਕੀਤੀ ਜਾ ਰਹੀ ਸੀ।