ਸ਼ਾਹਕੋਟ: ਪੁਲੀਸ ਮੁਕਾਬਲੇ ’ਚ ਦੋ ਗੈਂਗਸਟਰ ਜ਼ਖ਼ਮੀ
ਮੁਲਜ਼ਮਾਂ ਕੋਲੋਂ ਨਸ਼ਾ ਤੇ ਹਥਿਆਰ ਬਰਾਮਦ; ਐੱਸਐੱਸਪੀ ਵੱਲੋਂ ਮੌਕੇ ਦਾ ਮੁਆਇਨਾ
ਅਸ਼ੋਕ ਕੌੜਾ
ਫਗਵਾੜਾ, 7 ਜੁਲਾਈ
ਸ਼ਾਹਕੋਟ ਇਲਾਕੇ ਵਿੱਚ ਸੋਮਵਾਰ ਸਵੇਰੇ ਪੁਲੀਸ ਮੁਕਾਬਲੇ ਵਿੱਚ ਦੋ ਮਸ਼ਕੂਕ ਗੈਂਗਸਟਰ ਜ਼ਖ਼ਮੀ ਹੋ ਗਏ। ਇਹ ਘਟਨਾ ਕੋਟਲੀ ਗਾਜਰਾਂ ਰੇਲਵੇ ਪੁਲੀਸ ਥਾਣੇ ਨੇੜੇ ਵਾਪਰੀ। ਦੋਵੇਂ ਮਸ਼ਕੂਕ ਕਥਿਤ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਸ਼ਾਮਲ ਸਨ।
ਜਲੰਧਰ ਦਿਹਾਤੀ ਪੁਲੀਸ ਮੁਤਾਬਕ ਸ਼ਾਹਕੋਟ ਰੇਲਵੇ ਕਰਾਸਿੰਗ ਪੁਲ ਦੇ ਹੇਠਾਂ ਪੁਲੀਸ ਟੀਮ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਦੋਵਾਂ ਨੇ ਪੁਲੀਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਮਸ਼ਕੂਕ ਜ਼ਖ਼ਮੀ ਹੋ ਗਏ। ਪੁਲੀਸ ਨੇ ਦੋਵਾਂ ਨੂੰ ਫੌਰੀ ਗ੍ਰਿਫ਼ਤਾਰ ਕਰ ਲਿਆ ਅਤੇ ਮੌਕੇ ਤੋਂ ਹਥਿਆਰ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਮੁਕਾਬਲੇ ਮਗਰੋਂ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੌਕੇ ਦਾ ਮੁਆਇਨਾ ਕੀਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਸ਼ਕੂਕਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਗੰਭੀਰ ਅਪਰਾਧਾਂ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲੀਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਮੈਪਿੰਗ ਕਰ ਰਹੀ ਹੈ।