ਜਲੰਧਰ ਵਿੱਚ ਮੀਂਹ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ
ਪੱਤਰ ਪ੍ਰੇਰਕ
ਜਲੰਧਰ, 1 ਮਾਰਚ
ਸ਼ਹਿਰ ’ਚ ਸ਼ੁੱਕਰਵਾਰ ਨੂੰ ਪਏ ਮੀਂਹ ਨੇ ਇਕ ਵਾਰ ਫਿਰ ਨਗਰ ਨਿਗਮ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਕ ਦਿਨ ਬਾਅਦ ਵੀ ਕਈ ਸੜਕਾਂ ਅਤੇ ਇਲਾਕਾ ਜਲ-ਥਲ ਹੈ। ਸ਼ਹਿਰ ਵਾਸੀਆਂ ਨੇ ਨਗਰ ਨਿਗਮ ’ਤੇ ਅਣਗਹਿਲੀ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਨਿਕਾਸੀ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ।
ਡੀਸੀ ਦਫ਼ਤਰ ਨੇੜੇ ਲਾਡੋਵਾਲੀ ਰੋਡ, ਪ੍ਰਤਾਪ ਬਾਗ, ਗਾਜ਼ੀ ਗੁੱਲਾ ਰੋਡ ਅਤੇ ਜੌਹਲ ਮਾਰਕੀਟ ਵਰਗੇ ਮੁੱਖ ਖੇਤਰ ਪਾਣੀ ਵਿੱਚ ਡੁੱਬੇ ਰਹੇ ਜਿਸ ਕਾਰਨ ਆਉਣ-ਜਾਣ ’ਚ ਪ੍ਰੇਸ਼ਾਨੀ ਝੱਲਣੀ ਪਈ। ਉਦਯੋਗਿਕ ਖੇਤਰ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਸਨ, ਜਿਸ ਨੇ ਯਾਤਰੀਆਂ, ਸੜਕ ਕਿਨਾਰੇ ਵਿਕਰੇਤਾਵਾਂ ਅਤੇ ਵਾਹਨ ਚਾਲਕਾਂ ਨੂੰ ਪ੍ਰਭਾਵਿਤ ਕੀਤਾ। ਗਾਂਧੀ ਕੈਂਪ, ਕਬੀਰ ਨਗਰ ਅਤੇ ਕਾਲੀਆ ਕਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਸੀਵਰੇਜ ਬੰਦ ਹੋਣ ਕਾਰਨ ਪਹਿਲਾਂ ਹੀ ਸੀਵਰੇਜ ਦਾ ਪਾਣੀ ਉਨ੍ਹਾਂ ਦੀਆਂ ਗਲੀਆਂ ਵਿੱਚ ਭਰ ਗਿਆ ਸੀ ਅਤੇ ਹੁਣ ਬਾਰਿਸ਼ ਕਾਰਨ ਸਥਿਤੀ ਹੋਰ ਵਿਗੜ ਗਈ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸੇਮ ਦੀ ਸਮੱਸਿਆ ਨੂੰ ਹੱਲ ਕਰਨਾ ਇੱਕ ਤਰਜੀਹ ਹੈ ਅਤੇ ਕੰਮ ਚੱਲ ਰਿਹਾ ਹੈ, ਪਰ ਜ਼ਮੀਨੀ ਪੱਧਰ ’ਤੇ ਕੋਈ ਖਾਸ ਸੁਧਾਰ ਦਿਖਾਈ ਨਹੀਂ ਦੇ ਰਿਹਾ ਹੈ।