Punjab News: ਮਕਾਨ ਦੀ ਉਸਾਰੀ ਦੌਰਾਨ 2 ਧਿਰਾਂ 'ਚ ਗੋਲੀਆਂ ਚੱਲੀਆਂ, ਇੱਕ ਜ਼ਖ਼ਮੀ
ਹਤਿੰਦਰ ਮਹਿਤਾ
ਜਲੰਧਰ, 21 ਜੂਨ
ਇਥੇ ਛੋਟੀ ਬਾਰਾਂਦਰੀ ਦੇ ਪਲਾਟ ਨੰਬਰ ਤਿੰਨ ਦੀ ਉਸਾਰੀ ਦੌਰਾਨ ਦੋ ਧਿਰਾਂ ਵਿੱਚ ਝਗੜਾ ਹੋ ਗਿਆ, ਜਿਸ ਕਾਰਨ ਪਲਾਟ ਨੰਬਰ ਤਿੰਨ ਦੇ ਮਾਲਕ ਹਰਪ੍ਰੀਤ ਸਿੰਘ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਮਕਾਨ ਨੰਬਰ ਚਾਰ ਛੋਟੀ ਬਾਰਾਂਦਰੀ ਦੇ ਮਾਲਕ ਸਟੀਵਨ ਕਲੇਰ ਦੇ ਗੰਨਮੈਨ ਨੇ ਗੋਲੀ ਚਲਾਈ। ਗੋਲੀ ਹਰਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀ ਹੈ ਅਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਪਲਾਟ ਨੰਬਰ ਤਿੰਨ ਵਿੱਚ ਉਸਾਰੀ ਰੁਕ ਗਈ ਹੈ।
ਹਰਪ੍ਰੀਤ ਸਿੰਘ ਪਲਾਟ ਬਣਾਉਣ ਲਈ ਮਿੱਟੀ ਦੀ ਇੱਕ ਟਰਾਲੀ ਲੈ ਕੇ ਆਇਆ ਸੀ। ਜਦੋਂ ਪਲਾਟ ਵਿੱਚ ਮਿੱਟੀ ਪਾਉਣੀ ਸ਼ੁਰੂ ਹੋਈ ਤਾਂ ਮਿੱਟੀ ਨਾ ਸੁੱਟਣ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ। ਇਸ ਦੌਰਾਨ, ਗੰਨਮੈਨ ਨੇ ਆਪਣੇ ਸਰਕਾਰੀ ਹਥਿਆਰ ਤੋਂ ਗੋਲੀ ਚਲਾ ਦਿੱਤੀ।
ਪੁਲੀਸ ਨੇ ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਸੀਪੀ ਜਗਰੂਪ ਕੌਰ ਨੇ ਦੱਸਿਆ ਕਿ ਗੰਨਮੈਨ ਦੀ ਪਛਾਣ ਅਸ਼ਵਨੀ ਵਜੋਂ ਹੋਈ ਹੈ।