ਪੰਜਾਬ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲਾ ਗਰੋਹ ਬੇਨਕਾਬ, 50 ਕਿਲੋ ਹੈਰੋਇਨ ਬਰਾਮਦ
ਪੰਜਾਬ ਪੁਲੀਸ ਦੀ ਨਸ਼ਾ ਵਿਰੋਧੀ ਟਾਸਕ ਫੋਰਸ (ANTF) ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਗਰੋਹ ਨੂੰ ਬੇਨਕਾਬ ਕਰਦਿਆਂ 50 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਪੂਰਥਲਾ ਜ਼ਿਲ੍ਹੇ ਦੇ ਵਸਨੀਕ ਸੰਦੀਪ ਸਿੰਘ ਉਰਫ਼ ਸੀਪਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, ‘‘ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਵੱਡੀ ਜਿੱਤ ਪ੍ਰਾਪਤ ਹੋਈ ਹੈ। ਪੰਜਾਬ ਪੁਲੀਸ ਦੀ ਨਾਰਕੋਟਿਕਸ ਵਿਰੋਧੀ ਟਾਸਕ ਫੋਰਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 50 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।’’
ਯਾਦਵ ਅਨੁਸਾਰ ਏਐਨਟੀਐਫ ਨੇ ਇੱਕ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕੀਤੀ ਕਾਰਵਾਈ ਦੌਰਾਨ ਉਕਤ ਹੈਰੋਇਨ ਜ਼ਬਤ ਕੀਤੀ। ਉਨ੍ਹਾਂ ਕਿਹਾ ਕਿ ਇਹ ਖੇਪ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈਐਸਆਈ ਦੀ ਹਮਾਇਤ ਵਾਲੇ ਤਸਕਰਾਂ ਵੱਲੋਂ ਭੇਜੀ ਗਈ ਸੀ। ਯਾਦਵ ਮੁਤਾਬਕ ਗ੍ਰਿਫਤਾਰ ਮੁਲਜ਼ਮ ਸੰਦੀਪ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਪੰਜ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਯਾਦਵ ਨੇ ਕਿਹਾ ਕਿ ਸੰਦੀਪ ਹਾਲ ਹੀ ਵਿੱਚ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਹੈ।
