ਦੁਕਾਨਦਾਰ ’ਤੇ ਹਮਲੇ ਦੇ ਮਾਮਲੇ ’ਚ ਥਾਣਾ ਇੰਚਾਰਜ ਲਾਈਨ ਹਾਜ਼ਰ
ਪੱਤਰ ਪ੍ਰੇਰਕ
ਜਲੰਧਰ, 16 ਜੂਨ
ਸਥਾਨਕ ਮਿਲਾਪ ਚੌਕ ਦੇ ਚਾਪ ਵਿਕਰੇਤਾ ’ਤੇ ਹਮਲੇ ਦੇ ਮਾਮਲੇ ’ਚ ਥਾਣਾ 3 ਦੇ ਇੰਚਾਰਜ ਨੂੰ ਆਖਰਕਾਰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਰਾਜਿੰਦਰ ਸਿੰਘ ਨੂੰ ਥਾਣਾ 3 ਦੀ ਕਮਾਂਡ ਸੌਂਪੀ ਗਈ ਹੈ।
ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਥਾਣਾ 3 ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਨੂੰ ਪੁਲੀਸ ਲਾਈਨ ਭੇਜ ਦਿੱਤਾ ਹੈ। ਚਰਚਾ ਹੈ ਕਿ ਗਾਹਕਾਂ ਵੱਲੋਂ ਆਰਡਰ ਵਿੱਚ ਦੇਰੀ ਤੇ ਫਿਰ ਬਹਿਸ ਮਗਰੋਂ ਚਾਪ ਵੇਚਣ ਵਾਲਿਆਂ ’ਤੇ ਕੀਤੇ ਗਏ ਹਮਲੇ ਦੌਰਾਨ, ਇੰਸਪੈਕਟਰ ਅਨਿਲ ਕੁਮਾਰ ਨੇ ਪੀੜਤ ਪਰਿਵਾਰ ਦੇ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ ਸੀ।
ਭਾਵੇਂ ਅਪਰਾਧ ਸਥਾਨ ਪੁਲੀਸ ਥਾਣਾ ਚਾਰ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ ਪਰ ਪੁਲੀਸ ਥਾਣਾ 3 ਵਾਰਦਾਤ ਸਥਾਨ ਤੋਂ ਸਿਰਫ਼ 500 ਗਜ਼ ਦੀ ਦੂਰੀ ’ਤੇ ਸਥਿਤ ਹੈ। ਇਸ ਦੇ ਬਾਵਜੂਦ ਪੁਲੀਸ ਥਾਣਾ 3 ਦੇ ਇੰਚਾਰਜ ਅਨਿਲ ਕੁਮਾਰ ਨੇ ਨਾ ਤਾਂ ਪੀੜਤ ਪਰਿਵਾਰ ਦਾ ਫੋਨ ਚੁੱਕਿਆ ਤੇ ਨਾ ਕਿਸੇ ਹੋਰ ਦੁਕਾਨਦਾਰ ਦਾ।
ਇਹੀ ਨਹੀਂ, ਘਟਨਾ ਤੋਂ ਬਾਅਦ, ਗੁੱਸੇ ’ਚ ਆਏ ਦੁਕਾਨਦਾਰਾਂ ਨੇ ਪੁਲੀਸ ਥਾਣਾ 3 ਦਾ ਘਿਰਾਓ ਕੀਤਾ, ਪਰ ਬਾਅਦ ਇਹ ਇਲਾਕਾ ਪੁਲੀਸ ਥਾਣਾ 4 ਦੇ ਤਹਿਤ ਹੋਣ ਕਰ ਕੇ ਉਸੇ ਥਾਣੇ ਦੀ ਪੁਲੀਸ ਨੇ ਕਾਰਵਾਈ ਕੀਤੀ ਸੀ।