ਸ਼ਿਵ ਸੈਨਾ ਆਗੂ ’ਤੇ ਹਮਲੇ ਦੇ ਰੋਸ ਵਜੋਂ ਫਗਵਾੜਾ ਬੰਦ; ਐੱਫ ਆਈ ਆਰ ਦਰਜ
ਸ਼ਿਵ ਸੈਨਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਾਲ ਅਤੇ ਉਨ੍ਹਾਂ ਦੇ ਪੁੱਤਰ ਜ਼ਿੰਮੀ ਕਰਵਾਲ 'ਤੇ ਮੰਗਲਵਾਰ ਸ਼ਾਮ ਨੂੰ ਹੋਏ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਸ਼ਹਿਰ ਵਿੱਚ ਮੁਕੰਮਲ ਬੰਦ (shutdown) ਦੇਖਿਆ ਗਿਆ, ਜਿਸ ਕਾਰਨ ਫਗਵਾੜਾ ਵਿੱਚ ਮਾਹੌਲ ਤਣਾਅਪੂਰਨ ਪਰ ਸ਼ਾਂਤ ਬਣਿਆ ਹੋਇਆ ਹੈ। ਹਥਿਆਰਬੰਦ ਹਮਲਾਵਰਾਂ ਦੇ ਇੱਕ ਸਮੂਹ ਵੱਲੋਂ ਕੀਤੇ ਗਏ ਇਸ ਹਮਲੇ ਨੇ ਹਿੰਦੂ ਸੰਗਠਨਾਂ ਵਿੱਚ ਵਿਆਪਕ ਰੋਸ ਪੈਦਾ ਕਰ ਦਿੱਤਾ ਹੈ, ਅਤੇ ਸਖਤ ਪੁਲੀਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਜਿਵੇਂ ਹੀ ਖ਼ਬਰ ਫੈਲੀ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਹਸਪਤਾਲ ਵਿੱਚ ਇਕੱਠੇ ਹੋਏ ਅਤੇ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰਾ ਕੀਤਾ। ਸਥਾਨਕ ਨੁਮਾਇੰਦਿਆਂ, ਜਿਨ੍ਹਾਂ ਵਿੱਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਮੇਅਰ ਰਾਮ ਪਾਲ ਉੱਪਲ ਸ਼ਾਮਲ ਸਨ, ਦੇ ਸਮਰਥਨ ਨਾਲ, ਹਿੰਦੂ ਆਗੂਆਂ ਨੇ ਸੂਬਾ ਸਰਕਾਰ 'ਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਕਿਹਾ।
ਇਸ ਦੌਰਾਨ ਫਗਵਾੜਾ ਬਾਰ ਐਸੋਸੀਏਸ਼ਨ ਨੇ ਐਡਵੋਕੇਟ ਰਵਿੰਦਰ ਸ਼ਰਮਾ ਦੀ ਅਗਾਵਈ ਹੇਠ ਬੰਦ ਦਾ ਸਮਰਥਨ ਕੀਤਾ ਅਤੇ ‘ਨੋ ਵਰਕ ਡੇਅ’ ਦੇ ਐਲਾਨ ਕਰਦਿਆਂ ਕੰਮ ਬੰਦ ਰੱਖਿਆ ਹੈ।
ਡੀ ਐੱਸ ਪੀ ਭਾਰਤ ਭੂਸ਼ਣ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ, ਜਦੋਂ ਕਿ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਸੰਕੇਤ ਦਿੱਤਾ ਕਿ ਇਹ ਘਟਨਾ ਪਿਛਲੇ ਨਿੱਜੀ ਝਗੜਿਆਂ ਨਾਲ ਜੁੜੀ ਹੋ ਸਕਦੀ ਹੈ।
