ਪੈਨਸ਼ਨਰ ਐਸੋਸੀਏਸ਼ਨ ਵੱਲੋਂ ਡਿਵੀਜ਼ਨ ਪੱਧਰ ’ਤੇ ਧਰਨਾ
ਹਤਿੰਦਰ ਮਹਿਤਾ
ਜਲੰਧਰ, 11 ਜੂਨ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰ ਐਸੋਸੀਏਸ਼ਨ ਦੇ ਪੈਨਸ਼ਨਰਾਂ ਵੱਲੋਂ ਅਤਿ ਦੀ ਗਰਮੀ ਵਿੱਚ ਦੂਰ ਦੂਰ ਪਿੰਡਾਂ ਤੋਂ ਆ ਕੇ ਕੈਂਟ ਮੰਡਲ ਬੜਿੰਗਾ ਦੇ ਦਫ਼ਤਰ ਅੱਗੇ ਡਿਵੀਜ਼ਨ ਪੱਧਰ ਦਾ ਧਰਨਾ ਦਿੱਤਾ ਗਿਆ। ਇਹ ਧਰਨਾ ਸੂਬਾ ਕਮੇਟੀ ਦੇ ਐਲਾਨੇ ਸੰਘਰਸ਼ ਪ੍ਰੋਗਰਾਮ ਮੁਤਾਬਕ ਦਿੱਤਾ ਗਿਆ ਕਿਉਂਕਿ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਦੇ ਬਕਾਏ ਅਤੇ ਲੀਵ ਇਨ ਕੈਸ਼ਮੈਂਟ ਦੇ ਬਕਾਏ ਪੈਨਸ਼ਨਰਾਂ ਨੂੰ ਦੇਣ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਡਿਵੀਜ਼ਨ ਦਫਤਰਾਂ ਵਿੱਚ ਇਹ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ। ਇਸ ਕਾਰਨ ਪੈਨਸ਼ਨਰਾਂ ਵਿੱਚ ਰੋਸ ਹੈ।
ਪੈਨਸ਼ਨਰ ਆਗੂਆਂ ਨੇ ਵਧੀਕ ਨਿਗਰਾਨ ਇੰਜਨੀਅਰ ਕੈਂਟ ਮੰਡਲ ਤੋਂ ਮੰਗ ਕੀਤੀ ਕਿ ਬਕਾਏ ਛੇਤੀ ਤੋਂ ਛੇਤੀ ਪੈਨਸ਼ਨਰਾਂ ਦੇ ਖਾਤੇ ਵਿੱਚ ਪਾਏ ਜਾਣ। ਧਰਨੇ ਵਿੱਚ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਜਲੰਧਰ ਸਰਕਲ ਦੇ ਪ੍ਰਧਾਨ ਸ਼ਿਰੀ ਰਾਮ ਜੱਗੀ, ਸਰਕਲ ਆਗੂ ਪ੍ਰੇਮ ਲਾਲ, ਜੋਗਿੰਦਰ ਪਾਲ, ਅਵਤਾਰ ਸਿੰਘ, ਵਿਜੇ ਕੁਮਾਰ ਡਿਵੀਜ਼ਨ ਆਗੂ ਸੁਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਜਗਨਨਾਥ, ਗੁਰਦਰਸ਼ਨ ਸਿੰਘ, ਹਰਦੀਪ ਸਿੰਘ ਅਤੇ ਕਈ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।