ਬੇਕਾਬੂ ਕਰੇਟਾ ਨੇ ਫਾਰਚੂਨਰ ਨੂੰ ਟੱਕਰ ਮਾਰੀ; ਸਾਬਕਾ ਐੱਮਪੀ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ
ਦੋ ਵਾਰ ਸੰਸਦ ਮੈਂਬਰ ਰਹੇ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿਚੀ ਕੇਪੀ(36) ਦੀ ਬੀਤੀ ਰਾਤ ਜਲੰਧਰ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਕਾਰਨ ਹੋਏ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਰਿਚੀ ਕੇਪੀ ਜਲੰਧਰ ਦੇ ਮਾਤਾ ਰਾਣੀ ਚੌਕ ਨੇੜੇ ਬੇਕਾਬੂ ਕਰੇਟਾ ਕਾਰ ਦੀ ਟੱਕਰ ਕਾਰਨ ਜ਼ਖ਼ਮੀ ਹੋ ਗਿਆ। ਇਹ ਘਟਨਾ ਦੇਰ ਰਾਤ ਵਾਪਰੀ ਜਦੋਂ ਰਿਚੀ ਆਪਣੀ ਫਾਰਚੂਨਰ ਕਾਰ ਵਿੱਚ ਸੀ। ਚਸ਼ਮਦੀਦਾਂ ਅਨੁਸਾਰ ਇਹ ਘਟਨਾ ਰਾਤ 11 ਵਜੇ ਤੋਂ ਬਾਅਦ ਵਾਪਰੀ।
ਮਾਤਾ ਰਾਣੀ ਚੌਕ ’ਤੇ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਰਿਚੀ ਦੀ ਫਾਰਚੂਨਰ ਸੀ। ਰਿਪੋਰਟਾਂ ਅਨੁਸਾਰ, ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਕਰੇਟਾ ਡਰਾਈਵਰ ਮੌਕੇ ਤੋਂ ਭੱਜ ਗਿਆ। ਗੰਭੀਰ ਜ਼ਖਮੀ ਰਿਚੀ ਨੂੰ ਰਾਤ ਨੂੰ ਦੋ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ, ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਰੇਟਾ ਨੇ ਇੱਕ ਟੈਕਸੀ ਅਤੇ ਇੱਕ ਗ੍ਰੈਂਡ ਵਿਟਾਰਾ ਕਾਰ ਨੂੰ ਵੀ ਟੱਕਰ ਮਾਰੀ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰਾਂ ਨੇੜਲੇ ਸਟੋਰ ਦੀ ਰੇਲਿੰਗ ਨਾਲ ਟਕਰਾ ਗਈਆਂ, ਜਿਸ ਨਾਲ ਰੇਲਿੰਗ ਅਤੇ ਪੌੜੀਆਂ ਨੂੰ ਨੁਕਸਾਨ ਪਹੁੰਚਿਆ। ਕਾਰ ਦੇ ਏਅਰ ਬੈਗ ਖੁੱਲ੍ਹ ਗਏ, ਜਿਸ ਵਿੱਚ ਕੇਪੀ ਵੱਲੋਂ ਚਲਾਏ ਜਾ ਰਹੇ ਵਾਹਨ ਦੇ ਏਅਰ ਬੈਗ ਵੀ ਸ਼ਾਮਲ ਸਨ। ਹਾਦਸੇ ਵਿਚ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਰਿਚੀ ਕੇਪੀ ਦੀ ਗੱਡੀ ਦਾ ਬੋਨਟ ਅਤੇ ਇੱਕ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਘਟਨਾ ਜਲੰਧਰ ਦੇ ਪਾਸ਼ ਮਾਡਲ ਟਾਊਨ ਇਲਾਕੇ ਵਿੱਚ ਵਾਪਰੀ। ਕੇਪੀ ਦੀ ਰਿਹਾਇਸ਼ ਵੀ ਇਥੋਂ ਨੇੜੇ ਹੀ ਹੈ।
ਮੁੱਢਲੀਆਂ ਰਿਪੋਰਟਾਂ ਅਨੁਸਾਰ ਰਿਚੀ ਆਪਣੇ ਇੱਕ ਦੋਸਤ ਨੂੰ ਮੋਬਾਈਲ ਫੋਨ ਵਾਪਸ ਕਰਨ ਲਈ ਆਇਆ ਸੀ। ਥਾਣਾ ਨੰਬਰ 6 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਐਸਐਚਓ ਥਾਣਾ ਨੰਬਰ 6 ਨੇ ਕਿਹਾ, ‘‘ਇਹ ਘਟਨਾ ਕੱਲ੍ਹ ਰਾਤ 11 ਤੋਂ 11.30 ਵਜੇ ਦਰਮਿਆਨ ਵਾਪਰੀ। ਕਰੇਟਾ ਕਾਰ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਦੀ ਪਤਨੀ ਅਤੇ ਧੀ ਵੀ ਕਾਰ ਵਿੱਚ ਮੌਜੂਦ ਸਨ। ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਹਨ। ਜਦੋਂ ਕਿ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਹੋਰ ਜਾਂਚ ਜਾਰੀ ਹੈ ਅਤੇ ਸਟੋਰਾਂ ਦੇ ਖੁੱਲ੍ਹਣ ਤੋਂ ਤੁਰੰਤ ਬਾਅਦ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕੀਤੀ ਜਾਵੇਗੀ। ਜਾਂਚ ਤੋਂ ਤੁਰੰਤ ਬਾਅਦ, ਇੱਕ ਐਫਆਈਆਰ ਦਰਜ ਕੀਤੀ ਜਾਵੇਗੀ।’’
ਰਿਚੀ ਕੇਪੀ ਦੇ ਪਿੱਛੇ ਉਸ ਦੇ ਮਾਤਾ-ਪਿਤਾ ਅਤੇ ਦੋ ਭੈਣਾਂ ਹਨ।