ਖਾਲਸਾ ਕਾਲਜ ’ਚ ਪੁਰਾਣੇ ਤੇ ਨਵੇਂ ਵਿਦਿਆਰਥੀਆਂ ਦੀ ਮਿਲਣੀ
ਜਲੰਧਰ, 20 ਫਰਵਰੀ
ਲਾਇਲਪੁਰ ਖ਼ਾਲਸਾ ਕਾਲਜ ਦੇ ਪੁਰਾਣੇ ਅਤੇ ਮੌਜੂਦਾ ਹੋਣਹਾਰ ਵਿਦਿਆਰਥੀਆਂ ਦਾ ਮਿਲਣੀ ਸਮਾਗਮ ਕੀਤਾ ਗਿਆ। ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੈਨੇਡਾ ਵਿੱਚ ਬਸੰਤ ਮੋਟਰਜ਼ ਦੇ ਮਾਲਕ ਬਲਦੇਵ ਸਿੰਘ ਬਾਠ ਪਹੁੰਚੇ, ਜਦਕਿ ਵਿਧਾਇਕ ਪ੍ਰਗਟ ਸਿੰਘ, ਸਿਆਸਤਦਾਨ ਪਰਮਜੀਤ ਸਿੰਘ ਰਾਏਪੁਰ, ਜਗਰੂਪ ਸਿੰਘ ਢੇਸੀ, ਯੂ.ਕੇ ਦੇ ਗਰੇਵੲੈਂਡ ਸ਼ਹਿਰ ਦੇ ਉੱਘੇ ਬਿਜਨੈਸਮੈਨ ਜਸਪਾਲ ਸਿੰਘ ਢੇਸੀ ਤੇ ਉਨ੍ਹਾਂ ਦੇ ਪੁੱਤਰ ਤਨਮਨਜੀਤ ਸਿੰਘ ਜੋ ਯੂ.ਕੇ ’ਚ ਐਮ.ਪੀ. ਹਨ, ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋ. ਹਰਬੰਸ ਸਿੰਘ ਬੋਲੀਨਾ, ਯੂ.ਐੱਸ.ਏ. ਤੋਂ ਕੁਲਵਿੰਦਰ ਸਿੰਘ ਬਾਠ, ਯੂ.ਕੇ. ਤੋਂ ਜਨਰੈਲ ਸਿੰਘ ਬਾਠ, ਕੈਨੇਡਾ ਤੋਂ ਸੁਰਜੀਤ ਸਿੰਘ ਬਾਠ, ਰੇਸ਼ਮ ਕੌਰ ਬਾਠ, ਜਸਵਿੰਦਰ ਕੌਰ ਬਾਠ, ਸਰਦਾਰਨੀ ਨਰਿੰਦਰ ਕੌਰ ਬਾਠ ਤੇ ਗੁਰਜੀਤ ਕੌਰ ਬਾਠ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਦੀ ਸਫਲਤਾ ਅਤੇ ਕਾਲਜ ਦੀ ਬਿਹਤਰੀ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗ ਦੀ ਸ਼ਲਾਘਾ ਕੀਤੀ। ਬਲਦੇਵ ਸਿੰਘ ਬਾਠ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕੀਤਾ। ਇਸ ਮੌਕੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਨਿਰੰਜਨ ਸਿੰਘ ਢੇਸੀ ਵੱਲੋਂ ਵਿਭਾਗ ਅਤੇ ਕਾਲਜ ਨੂੰ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਲਿਖਤ ਪੁਸਤਕ ‘ਮਰਣਾ ਮੁਣਸਾ ਸੂਰਿਆ’ ਕਾਲਜ ਗਵਰਨਿੰਗ ਕੌਂਸਲ ਨੂੰ ਭੇਟ ਕੀਤੀ। ਬਲਦੇਵ ਸਿੰਘ ਬਾਠ ਨੇ ਕਾਲਜ ਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਲਈ ਇੱਕ ਲੱਖ ਰੁਪਏ ਦਾ ਚੈੱਕ ਸੌਂਪਿਆ।