ਨਕੋਦਰ: ਜਿੰਮ ਦੇ ਬਾਹਰ ਗੋਲੀਬਾਰੀ ਦੌਰਾਨ ਇੱਕ ਦੀ ਮੌਤ, ਇੱਕ ਜ਼ਖਮੀ
ਅਸ਼ੌਕ ਕੌਰਾ
ਫਗਵਾੜਾ, 19 ਜੂਨ
ਨਕੋਦਰ ’ਚ ਸ਼ੰਕਰ ਬਾਈਪਾਸ ਨਹਿਰ ਨੇੜੇ ਇੱਕ ਜਿੰਮ ਦੇ ਬਾਹਰ ਬੁੱਧਵਾਰ ਦੇਰ ਸ਼ਾਮ ਦੋ ਵਿਰੋਧੀ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀਆਂ ਅਨੁਸਾਰ ਇਹ ਘਟਨਾ ਗੈਂਗ ਨਾਲ ਸਬੰਧਤ ਦੱਸੀ ਜਾ ਰਹੀ ਹੈ। ਪੁਲੀਸ ਅਨੁਸਾਰ ਟੋਇਟਾ ਫਾਰਚੂਨਰ ਅਤੇ ਮਾਰੂਤੀ ਸੁਜ਼ੂਕੀ ਡਿਜ਼ਾਇਰ ਦੋ ਵਾਹਨਾਂ ਵਿੱਚ ਸਫ਼ਰ ਕਰ ਰਹੇ ਵਿਅਕਤੀਆਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਚਸ਼ਮਦੀਦਾਂ ਨੇ ਤੇਜ਼ੀ ਨਾਲ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣੀ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ।
ਘਟਨਾ ਉਪਰੰਤ ਮ੍ਰਿਤਕ ਦੀ ਪਛਾਣ ਮਹਿਮੂਵਾਲ ਸ਼ਾਹਕੋਟ ਦੇ ਵਸਨੀਕ ਯੋਗਰਾਜ ਵਜੋਂ ਹੋਈ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਨਕੋਦਰ ਦੇ ਇਕ ਜਿੰਮ ਵਿੱਚ ਰਹਿ ਰਿਹਾ ਸੀ ਅਤੇ ਕੰਮ ਕਰ ਰਿਹਾ ਸੀ। ਪੁਲੀਸ ਨੇ ਪੁਸ਼ਟੀ ਕੀਤੀ ਕਿ ਉਹ ਇਸ ਝਗੜੇ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਸੀ, ਪਰ ਰੌਲਾ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਉਹ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਯੋਗਰਾਜ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਤਨੀ ਅਤੇ ਚਾਰ ਸਾਲ ਦੀ ਧੀ ਹੈ।
ਇਸ ਤੋਂ ਇਲਾਵਾ ਪਿੰਡ ਕੰਗ ਸਾਹਿਬ ਦਾ ਵਸਨੀਕ ਦਿਲਪ੍ਰੀਤ ਸਿੰਘ, ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲੀਸ ਨੇ ਫਾਰਚੂਨਰ ਅਤੇ ਡਿਜ਼ਾਇਰ ਦੋਵੇਂ ਵਾਹਨ ਬਰਾਮਦ ਕਰ ਲਏ ਹਨ। ਡੀ.ਐੱਸ.ਪੀ. ਸੁਖਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਗੋਲੀਬਾਰੀ ਗੁੱਟਾਂ ਵਿਚਾਲੇ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।