ਵਿਧਾਇਕ ਰਮਨ ਅਰੋੜਾ ਜ਼ਮਾਨਤ ਮਿਲਣ ਤੋਂ ਇਕ ਦਿਨ ਮਗਰੋਂ ਨਵੇਂ ਕੇਸ ’ਚ ਗ੍ਰਿਫ਼ਤਾਰ
ਵਿਜੀਲੈਂਸ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਇੱਕ ਦਿਨ ਬਾਅਦ ਜਲੰਧਰ ਕੇਂਦਰੀ ਤੋਂ ਆਪ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਰਾਮਾ ਮੰਡੀ ਪੁਲੀਸ ਥਾਣੇ ਵਿੱਚ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ।
ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਅਰੋੜਾ ਦੀ ਨਵੇਂ ਸਿਰੇ ਤੋਂ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਵੀਰਵਾਰ ਨੂੰ ਨਾਭਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸ਼ੁਰੂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਦੁਪਹਿਰ ਤੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਧਾਇਕ ਖ਼ਿਲਾਫ਼ ਇੱਕ ਨਿੱਜੀ ਸੰਸਥਾ ਵੱਲੋਂ ਦਰਜ ਕਰਵਾਈ ਗਈ ਜਬਰੀ ਵਸੂਲੀ ਦੀ ਸ਼ਿਕਾਇਤ ਤਹਿਤ 30 ਅਗਸਤ ਨੂੰ ਕੇਸ ਦਰਜ ਕੀਤਾ ਗਿਆ ਸੀ। ਵਿਧਾਇਕ ਨੂੰ 23 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਨਗਰ ਨਿਗਮ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਸਹਾਇਕ ਟਾਊਨ ਪਲਾਨਰ ਸੁਖਦੇਵ ਸਿੰਘ ਅਤੇ ਇੰਸਪੈਕਟਰ ਹਰਪ੍ਰੀਤ ਕੌਰ ਸ਼ਾਮਲ ਸਨ, ਨੂੰ ਵੀ ਉਨ੍ਹਾਂ ਦੇ ਨਾਲ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਪੁੱਤਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ਤੋਂ ਪੇਸ਼ਗੀ ਜ਼ਮਾਨਤ ਮਿਲ ਗਈ ਸੀ।