ਫ਼ਿਲੌਰ ’ਚ ਰੇਲਗੱਡੀ ਦੀ ਛੱਤ ’ਤੇ ਚੜ੍ਹਿਆ ਵਿਅਕਤੀ ਕਰੰਟ ਲੱਗਣ ਨਾਲ 95 ਫੀਸਦ ਝੁਲਸਿਆ
ਪਲੈਟਫਾਰਮ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਵਾਰ-ਵਾਰ ਹੇਠਾਂ ਉਤਰਨ ਲਈ ਕਿਹਾ, ਪਰ ਉਸ ਨੇ ਇਨ੍ਹਾਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਉਸ ਦਾ ਵਤੀਰਾ ਬੜਾ ਅਜੀਬੋ ਗਰੀਬ ਸੀ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੋਇਆ ਕਿ ਉਹ ਮਾਨਸਿਕ ਤੌਰ ’ਤੇ ਅਸਥਿਰ ਹੋ ਸਕਦਾ ਹੈ ਜਾਂ ਸ਼ਾਇਦ ਨਸ਼ੇ ਵਿਚ ਸੀ।
ਲੋਕਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬਾਵਜੂਦ, ਉਹ ਵਿਅਕਤੀ ਰੇਲਗੱਡੀ ਦੀ ਛੱਤ ’ਤੇ ਚੜ੍ਹਿਆ ਤੇ ਉਪਰੋਂ ਜਾਂਦੀ ਹਾਈ ਟੈਨਸ਼ਨ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਿਆ। ਤਾਰ ਵਿੱਚ ਅੰਦਾਜ਼ਨ 25,000 ਵੋਲਟ ਦਾ ਹਾਈ-ਟੈਨਸ਼ਨ ਕਰੰਟ ਸੀ। ਜਿਵੇਂ ਹੀ ਉਸਦਾ ਹੱਥ ਤਾਰ ਨਾਲ ਟਕਰਾਇਆ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਉਹ ਬੁਰੀ ਤਰ੍ਹਾਂ ਝੁਲਸ ਗਿਆ।
ਕੁਝ ਸਕਿੰਟਾਂ ਬਾਅਦ ਉਹ ਰੇਲਗੱਡੀ ਦੀ ਛੱਤ ਤੋਂ ਪਲੈਟਫਾਰਮ ’ਤੇ ਡਿੱਗ ਪਿਆ। ਰੇਲਵੇ ਅਧਿਕਾਰੀਆਂ ਅਤੇ ਯਾਤਰੀਆਂ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ। ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਲਿਜਾਇਆ ਗਿਆ। ਫਿਲੌਰ ਰੇਲਵੇ ਪੁੁਲੀਸ ਪੋਸਟ ਦੇ ਇੰਚਾਰਜ ਹਰਮੇਸ਼ ਲਾਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤ ਦੀ ਪਛਾਣ ਨਹੀਂ ਹੋ ਸਕੀ, ਪਰ ਉਹ 90 ਤੋਂ 95 ਫੀਸਦ ਤੱਕ ਝੁਲਸ ਗਿਆ। ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
