ਕਪੂਰਥਲਾ: ਫਿਰੌਤੀ ਗਿਰੋਹ ਦਾ ਮੈਂਬਰ ਕਾਬੂ, ਹਥਿਆਰ ਬਰਾਮਦ
ਪੰਜਾਬ ਪੁਲੀਸ ਨੇ ਬੁੱਧਵਾਰ ਨੂੰ ਕਪੂਰਥਲਾ ਵਿੱਚ ਇੱਕ ਫਿਰੌਤੀ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰਦਿਆਂ ਉਸਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ ਬਰਾਮਦ ਕੀਤੇ ਗਏ ਹਨ।
ਪੰਜਾਬੀ ਪੁਲੀਸ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਅਮਨਦੀਪ, ਜੋ ਕਿ ਸੁਲਤਾਨਪੁਰ ਲੋਧੀ ਦੇ ਆਸ-ਪਾਸ ਸਰਗਰਮ ਜੱਗਾ ਫੂਕੀਵਾਲ ਫਿਰੌਤੀ ਗਿਰੋਹ ਦਾ ਮੈਂਬਰ ਸੀ। ਉਹ ਸਥਾਨਕ ਗੈਂਗਾਂ ਨੂੰ ਗੋਲੀਬਾਰੀ ਅਤੇ ਫਿਰੌਤੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਹਥਿਆਰ ਸਪਲਾਈ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਸੀ।
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਅਮਨਦੀਪ ਦੇ ਕਬਜ਼ੇ 'ਚੋਂ ਚਾਰ ਪਿਸਤੌਲ ਬਰਾਮਦ ਕੀਤੇ ਹਨ। ਕਪੂਰਥਲਾ ਦਾ ਰਹਿਣ ਵਾਲਾ ਅਮਨਦੀਪ ਕਥਿਤ ਤੌਰ 'ਤੇ ਆਪਣੇ ਸਾਥੀ ਲਵਪ੍ਰੀਤ ਨੂੰ ਦੋ ਪਿਸਤੌਲ ਸਪਲਾਈ ਕਰ ਰਿਹਾ ਸੀ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲਵਪ੍ਰੀਤ ਦੇ ਕਬਜ਼ੇ ’ਚੋਂ ਪੁਲੀਸ ਨੇ ਇੱਕ .32 ਬੋਰ ਦਾ ਦੇਸੀ ਪਿਸਤੌਲ, ਇੱਕ .315 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਪੁਲੀਸ ਨੇ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ ਤਿੰਨ ਹੋਰ ਦੇਸੀ ਪਿਸਤੌਲ ਬਰਾਮਦ ਕੀਤੇ ਗਏ। ਕਪੂਰਥਲਾ ਦੇ ਸਦਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਡੀ ਜੀ ਪੀ ਨੇ ਕਿਹਾ ਕਿ ਕੇਸ ਸਬੰਧੀ ਹੋਰ ਵੇਰਵੇ ਪਤਾ ਲਗਾਉਣ ਅਤੇ ਸਮੁੱਚੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
