ਕਪੂਰਥਲਾ: ਕਾਮਿਆਂ ਦੀ ਘਾਟ ਕਾਰਨ ਸਿਵਲ ਹਸਪਤਾਲ ਦਾ ਆਕਸੀਜਨ ਪਲਾਂਟ ਬੰਦ
ਸਥਾਨਕ ਸਿਵਲ ਹਸਪਤਾਲ ਵਿੱਚ ਸਟਾਫ਼ ਦੀ ਘਾਟ ਕਾਰਨ ਆਕਸੀਜਨ ਪਲਾਂਟ ਬੰਦ ਕਰਨਾ ਪੈ ਰਿਹਾ ਹੈ। ਇਹ ਮਾਮਲਾ ਉਦੋਂ ਸਾਹਮਣੇ ਜਲੰਧਰ ਵਿੱਚ 4 ਦਿਨ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਪਲਾਂਟ ਵਿੱਚ ਨੁਕਸ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਉੱਧਰ ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਕਸੀਜਨ ਪਲਾਂਟਾਂ ਵਰਗੀਆਂ ਜ਼ਰੂਰੀ ਸੇਵਾਵਾਂ ਦਾ ਵਾਰ-ਵਾਰ ਖਰਾਬ ਹੋਣਾ ਜਾਂ ਕੰਮ ਨਾ ਕਰਨਾ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਕੰਮਕਾਜ ਨੁੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।
ਸਿਵਲ ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਆਕਸੀਜਨ ਪਲਾਂਟ ਪਿਛਲੇ ਕਈ ਦਿਨਾਂ ਤੋਂ ਕੰਮ ਨਹੀਂ ਕਰ ਰਿਹਾ। ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਲਾ ਨੇ ਦੱਸਿਆ ਕਿ ਆਕਸੀਜਨ ਪਲਾਂਟ ਨੁੂੰ ਚਲਾਉਣ ਅਤੇ ਸਾਂਭ ਸੰਭਾਲ ਲਈ ਸਟਾਫ ਉਪਲਬਧ ਨਹੀਂ ਹੈ। ਹੁਣ ਤੱਕ ਸਟਾਫ ਦਾ ਕੋਈ ਵੀ ਮੈਂਬਰ ਇਸ ਲਈ ਤਾਇਨਾਤ ਨਹੀਂ ਕੀਤਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਬਾਬਤ ਜ਼ਿਲ੍ਹਾ ਅਤੇ ਸੁੂਬੇ ਦੇ ਸਿਹਤ ਅਧਿਕਾਰੀਆਂ ਕੋਲ ਸ਼ਿਕਾਇਤਾਂ ਵੀ ਕੀਤੀਆਂ ਹਨ ਪਰ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ।
ਹਸਪਤਾਲ ਦੇ ਇੱਕ ਹੋਰ ਸੀਨੀਅਰ ਡਾਕਟਰ ਨੇ ਕਿਹਾ, ‘‘ਸਾਨੂੰ ਮੁੱਢਲੀ ਸੰਚਾਲਨ ਸਹਾਇਤਾ ਤੋਂ ਬਿਨਾਂ ਇਸ ਖ਼ਤਰੇ ਵਾਲੇ ਵਾਤਾਵਰਨ ’ਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ। ਇਹ ਮਹਿਜ਼ ਪ੍ਰਸ਼ਾਸਕੀ ਅਸਫ਼ਲਤਾ ਨਹੀਂ ਹੈ ਬਲਕਿ ਇਸ ਦੀ ਘਾਟ ਬਿਨਾਂ ਕੀਮਤੀ ਜਾਨਾਂ ਨੂੰ ਜੋਖਮ ’ਚ ਪਾਇਆ ਜਾ ਰਿਹਾ ਹੈ।’’
ਦੱਸ ਦਈਏ ਕਿ ਚਾਰ ਦਿਨ ਪਹਿਲਾਂ ਜਲੰਧਰ ਦੇ ਸਿਵਲ ਹਸਪਤਾਲ ’ਚ ਆਕਸੀਜਨ ਪਲਾਂਟ ਵਿੱਚ ਖ਼ਰਾਬੀ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਤਿੰਨ ਡਾਕਟਰਾਂ ਨੁੂੰ ਮੁਅੱਤਲ ਕਰ ਦਿੱਤਾ ਗਿਆ ਸੀ।