ਜਲੰਧਰ: ਬੰਦੂਕ ਦੀ ਨੋਕ ’ਤੇ ਸੁਨਿਆਰੇ ਦੀ ਦੁਕਾਨ ’ਚ ਲੁੱਟ-ਖੋਹ
ਭਾਰਗੋ ਕੈਂਪ ਥਾਣੇ ਅਧੀਨ ਆਉਂਦੇ ਵਿਜੈ ਜਿਊਲਰਜ਼ ਦੀ ਦੁਕਾਨ ’ਤੇ ਤਿੰਨ ਹਥਿਆਰਬੰਦ ਲੁਟੇਰੇ ਦਿਨ-ਦਿਹਾੜੇ ਦਾਖਲ ਹੋਏ ਤੇ ਬੰਦੂਕ ਦੀ ਨੋਕ ’ਤੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਖ਼ਬਰ ਮਿਲਦੇ ਹੀ ਏਸੀਪੀ, ਸੀਆਈਏ ਸਟਾਫ ਅਤੇ ਥਾਣਾ ਭਾਰਗੋ ਕੈਂਪ ਪੁਲੀਸ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲੀਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਗਈ ਹੈ।
ਸੀਸੀਟੀਵੀ ਫੁਟੇਜ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਤਿੰਨ ਲੁਟੇਰੇ ਪਿਸਤੌਲ ਅਤੇ ਹੋਰ ਹਥਿਆਰਾਂ ਨਾਲ ਦੁਕਾਨ ਵਿੱਚ ਦਾਖਲ ਹੋ ਰਹੇ ਹਨ। ਉਨ੍ਹਾਂ ਦੇ ਦਾਖਲ ਹੋਣ ਨਾਲ ਹੀ ਦੁਕਾਨ ਮਾਲਕ ਦਾ ਪੁੱਤਰ ਘਬਰਾ ਗਿਆ। ਇਸ ਦੌਰਾਨ ਇਕ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਕਾਊਂਟਰ ਦਾ ਸ਼ੀਸ਼ਾ ਤੋੜਿਆ ਜਦਕਿ ਹੋਰ ਦੋ ਸਾਥੀਆਂ ਨੇ ਸ਼ੋਅ-ਕੇਸਾਂ ਵਿੱਚੋਂ ਗਹਿਣੇ ਸਮੇਟੇ। ਤਿਜੌਰੀ ਵਿੱਚੋਂ ਨਕਦੀ ਕੱਢਣ ਤੋਂ ਬਾਅਦ ਉਹ ਹੋਰ ਸੋਨੇ ਦੇ ਗਹਿਣੇ ਵੀ ਬੈਗਾਂ ਵਿੱਚ ਪਾ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਦੱਸਿਆ ਕਿ ਲੁਟੇਰੇ ਲਗਪਗ ਦੋ ਲੱਖ ਰੁਪਏ ਦੀ ਨਕਦੀ ਤੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਲੈ ਕੇ ਚਲੇ ਗਏ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸੁਨਿਆਰਾ ਭਾਈਚਾਰਾ ਤੇ ਵਪਾਰ ਮੰਡਲਾਂ ਨੇ ਪੁਲੀਸ ਵਿਰੁੱਧ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਪਰਾਧਕ ਤੱਤ ਬੇਖੌਫ਼ ਹੋ ਚੁੱਕੇ ਹਨ ਤੇ ਹੁਣ ਕੋਈ ਵੀ ਵਪਾਰੀ ਸੁਰੱਖਿਅਤ ਨਹੀਂ ਹੈ। ਇੱਕ ਹੋਰ ਦੁਕਾਨਦਾਰ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਪੰਜ ਸੀ, ਤਿੰਨ ਦੁਕਾਨ ਦੇ ਅੰਦਰ ਦਾਖਲ ਹੋਏ ਜਦਕਿ ਦੋ ਬਾਹਰ ਖੜ੍ਹੇ ਰਹੇ। ਅੰਦਰ ਦਾਖਲ ਹੋਏ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਤੌਲ ਸਨ ਅਤੇ ਉਨ੍ਹਾਂ ਨੇ ਦੁਕਾਨਦਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਪੁਲੀਸ ਵੱਲੋਂ ਘਟਨਾ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਬਾਅਦ ਇੱਕ ਲੁਟੇਰੇ ਦੀ ਪਛਾਣ ਕਰ ਲਈ ਗਈ ਹੈ ਜੋ ਕਿ ਦੁਕਾਨ ਦੇ ਬਿਲਕੁਲ ਨੇੜੇ ਹੀ ਰਹਿੰਦਾ ਹੈ। ਪੁਲੀਸ ਵੱਲੋਂ ਉਸ ਦੇ ਘਰ ਵਿੱਚ ਛਾਪਾਮਾਰੀ ਕੀਤੀ ਗਈ ਪਰ ਉਹ ਘਰ ਵਿੱਚ ਨਹੀਂ ਮਿਲਿਆ। ਫਿਲਹਾਲ ਕਿਸੇ ਪੁਲੀਸ ਅਧਿਕਾਰੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।
